ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 11 ਜੁਲਾਈ
ਨੇੜਲੇ ਪਿੰਡ ਸ਼ੇਰਪੁਰ ਕਲਾਂ ਵਿਖੇ ਅੱਜ ਮੰਗਲਵਾਰ ਨੂੰ ਰਿਫਾਈਨਰੀ ਮੁੱਦੇ ‘ਤੇ ਕਿਸਾਨ ਜਥੇਬੰਦੀਆਂ, ਪੰਚਾਇਤਾਂ ਅਤੇ ਲੋਕਾਂ ਦੀ ਇਕੱਤਰਤਾ ਹੋਈ। ਇਸ ‘ਚ ਧਰਤੀ ਹੇਠ ਜਾ ਰਹੇ ਗੰਧਲੇ ਪਾਣੀ ਅਤੇ ਉਸ ਨਾਲ ਹੋਣ ਵਾਲੇ ਸੰਭਾਵੀ ਨੁਕਸਾਨ ’ਤੇ ਚਰਚਾ ਮਗਰੋਂ ਫ਼ੈਸਲਾ ਹੋਇਆ ਕਿ ਜਾਂਚ ਕਮੇਟੀ ਦੀ ਰਿਪੋਰਟ ਹਾਸਲ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।
ਬੀਕੇਯੂ (ਡਕੌਂਦਾ) ਦੇ ਆਗੂ ਅਰਜਨ ਸਿੰਘ ਖੇਲਾਂ ਦੀ ਅਗਵਾਈ ਹੇਠ ਹੋਈ ਇਕੱਤਰਤਾ ‘ਚ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਤੋਂ ਇਲਾਵਾ ਬੀਕੇਯੂ (ਲੱਖੋਵਾਲ) ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਮਲਸੀਹਾਂ, ਬੀਕੇਯੂ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਬਰਮੀ, ਬੀਕੇਯੂ (ਕਾਦੀਆਂ) ਦੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਰਾਏਕੋਟ ਸ਼ਾਮਲ ਹੋਏ। ਇਸ ਮੌਕੇ 51 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ ਜਿਸ ’ਚ ਕਨਵੀਨਰ ਅਰਜਨ ਸਿੰਘ ਖੇਲਾ, ਸਰਪੰਚ ਸਰਬਜੀਤ ਸਿੰਘ ਸ਼ੇਰਪੁਰ ਕਲਾਂ, ਸੁਦਾਗਰ ਸਿੰਘ, ਹਰਪ੍ਰੀਤ ਸਿੰਘ ਗਾਲਿਬ, ਸਰਪੰਚ ਸਿਕੰਦਰ ਸਿੰਘ, ਸਰਪੰਚ ਏਕਮਕਾਰ ਸਿੰਘ ਸਮੇਤ ਕਈ ਹੋਰ ਸਰਪੰਚ ਤੇ ਕਿਸਾਨ ਆਗੂਆਂ ਨੂੰ ਸ਼ਾਮਲ ਕੀਤਾ ਗਿਆ।
ਕਿਸਾਨ ਆਗੂਆਂ ਨੇ ਧਰਤੀ ਹੇਠ ਦੂਸ਼ਿਤ ਪਾਣੀ ਜਾਣ ਨੂੰ ਲੋਕਾਂ ਦੀ ਸਿਹਤ ਨਾਲ ਜੁੜਿਆ ਅਤਿ ਗੰਭੀਰ ਮੁੱਦਾ ਦੱਸਦਿਆਂ ਕਿਹਾ ਕਿ ਇਸ ਦੀ ਬਿਨਾ ਦਬਾਅ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਵਧੀਕ ਡਿਪਟੀ ਕਮਿਸ਼ਨਰ ਵੱਲੋਂ ਐੱਸਡੀਐੱਮ ਮਨਜੀਤ ਕੌਰ ਦੀ ਅਗਵਾਈ ਹੇਠ ਬਣਾਈ ਪੜਤਾਲੀਆ ਕਮੇਟੀ ਤੇ ਨਮੂਨਿਆਂ ਦੀ ਰਿਪੋਰਟ ਲਈ ਜਾਵੇਗੀ।
ਗੰਧਲੇ ਪਾਣੀ ਦਾ ਮਾਮਲਾ ਗੰਭੀਰਤਾ ਨਾਲ ਵਿਚਾਰਨ ਦੀ ਮੰਗ ਨੇ ਜ਼ੋਰ ਫੜਿਆ
ਤੱਪੜ ਹਰਨੀਆਂ ਰਿਫਾਈਨਰੀ ਅਤੇ ਜੀਟੀ ਰੋਡ ‘ਤੇ ਬੋਰ ਕਰਕੇ ਧਰਤੀ ‘ਚ ਸੁੱਟੇ ਜਾ ਰਹੇ ਬਾਰਸ਼ ਦੇ ਗੰਧਲੇ ਪਾਣੀ ਖ਼ਿਲਾਫ਼ ਜਨਤਕ ਜਥੇਬੰਦੀਆਂ ਦਾ ਵਫ਼ਦ ਏਡੀਸੀ ਅਤੇ ਐੱਸਡੀਐੱਮ ਨੂੰ ਮਿਲਿਆ। ਵਫ਼ਦ ਨੇ ਪੜਤਾਲੀਆ ਕਮੇਟੀ ‘ਚ ਸਾਰੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ। ਵਫ਼ਦ ਨੇ ਜ਼ੋਰ ਦੇ ਕੇ ਕਿਹਾ ਕਿ ਜੀਟੀ ਰੋਡ ‘ਤੇ ਬਾਰਸ਼ ਦੇ ਪਾਣੀ ਦੀ ਨਿਕਾਸੀ ਲਈ ਕੀਤੇ ਡੂੰਘੇ ਬੋਰਾਂ ਰਾਹੀਂ ਧਰਤੀ ‘ਚ ਸੁੱਟੇ ਜਾ ਰਹੇ ਪਾਣੀ ਨੂੰ ਪ੍ਰਮਾਣਿਤ ਯੋਗ ਵਿਧੀ ਰਾਹੀਂ ਸੁੱਟਿਆ ਜਾਵੇ। ਵਫ਼ਦ ਨੇ ਕਿਹਾ ਕਿ ਇਹ ਮਸਲੇ ਹੱਲ ਨਾ ਹੋਣ ਦੀ ਸੂਰਤ ‘ਚ ਇਲਾਕੇ ‘ਚ ਬੀਮਾਰੀਆਂ ਫੈਲਣ, ਫ਼ਸਲਾਂ ਦੀ ਉਤਪਾਦਕਤਾ ‘ਤੇ ਮਾੜਾ ਅਸਰ ਪੈਣ ਦਾ ਖ਼ਤਰਾ ਮੰਡਰਾ ਰਿਹਾ ਹੈ। ਵਫ਼ਦ ‘ਚ ਬੀਕੇਯੂ (ਡਕੌਂਦਾ) ਵਲੋਂ ਜਗਤਾਰ ਸਿੰਘ ਦੇਹੜਕਾ, ਜਮਹੂਰੀ ਕਿਸਾਨ ਸਭਾ ਵਲੋਂ ਬਲਰਾਜ ਸਿੰਘ ਕੋਟੳਮਰਾ, ਗੁਰਮੇਲ ਸਿੰਘ ਰੂਮੀ ਤੋਂ ਇਲਾਵਾ ਕੰਵਲਜੀਤ ਖੰਨਾ, ਤਰਲੋਚਨ ਸਿੰਘ ਝੋਰੜਾਂ, ਬੂਟਾ ਸਿੰਘ ਚਕਰ, ਭਰਪੂਰ ਸਿੰਘ ਸੱਵਦੀ, ਜਸਦੇਵ ਸਿੰਘ ਲਲਤੋਂ, ਰਾਮਸ਼ਰਨ ਸਿੰਘ ਰਸੂਲਪੁਰ ਆਦਿ ਸ਼ਾਮਲ ਹੋਏ।