ਪੱਤਰ ਪ੍ਰੇਰਕ
ਗੁਰੂਸਰ ਸੁਧਾਰ, ਮੁੱਲਾਂਪੁਰ, 8 ਸਤੰਬਰ
ਇੱਥੇ ਕਿਸਾਨ ਆਗੂ ਅਮਨਦੀਪ ਸਿੰਘ ਲਲਤੋਂ ਅਤੇ ਜਗਰੂਪ ਸਿੰਘ ਹਸਨਪੁਰ ਦੀ ਅਗਵਾਈ ਹੇਠ ਹਜ਼ਾਰਾਂ ਕਿਸਾਨ ਵਰਕਰਾਂ ਅਤੇ ਆਗੂਆਂ ਨੇ ਭਾਕਿਯੂ (ਬੁਰਜ ਗਿੱਲ) ਨੂੰ ਫ਼ਤਿਹ ਬੁਲਾ ਕੇ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਾਲੀ ਭਾਕਿਯੂ (ਏਕਤਾ-ਡਕੌਂਦਾ) ਦਾ ਪੱਲਾ ਫੜ ਲਿਆ। ਜਥੇਬੰਦੀ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਪ੍ਰੈੱਸ ਸਕੱਤਰ ਅੰਗਰੇਜ਼ ਸਿੰਘ ਭਦੌੜ ਤੋਂ ਇਲਾਵਾ ਲੁਧਿਆਣਾ ਜ਼ਿਲ੍ਹੇ ਦੇ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਜਨਰਲ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਤਿੰਨ ਬਲਾਕਾਂ ਦੇ ਹਜ਼ਾਰਾਂ ਕਿਸਾਨ ਵਰਕਰਾਂ ਅਤੇ ਆਗੂਆਂ ਦਾ ਸਵਾਗਤ ਕੀਤਾ। ਭਾਕਿਯੂ (ਬੁਰਜ ਗਿੱਲ) ਨਾਲ ਸਬੰਧਤ ਬਲਾਕ ਮੁੱਲਾਂਪੁਰ, ਲੁਧਿਆਣਾ- 1 ਅਤੇ ਲੁਧਿਆਣਾ- 2 ਦੀਆਂ ਕਰੀਬ ਸੌ ਇਕਾਈਆਂ ਦੇ ਆਗੂਆਂ ਅਤੇ ਵਰਕਰਾਂ ਦਾ ਜਥੇਬੰਦੀ ਵਿੱਚ ਸਵਾਗਤ ਕਰਦਿਆਂ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਪ੍ਰੈੱਸ ਸਕੱਤਰ ਅੰਗਰੇਜ਼ ਸਿੰਘ ਭਦੌੜ ਨੇ ਕੇਂਦਰ ਦੀ ਮੋਦੀ ਹਕੂਮਤ ਵੱਲੋਂ ਲਿਆਂਦੇ ਵਿਵਾਦਤ ਫ਼ੌਜਦਾਰੀ ਕਾਨੂੰਨਾਂ ਤੋਂ ਇਲਾਵਾ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਲੜਾਈ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਸਾਨਾਂ-ਮਜ਼ਦੂਰਾਂ ਦਾ ਏਕਾ ਉਸਾਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਲੁਧਿਆਣਾ ਜ਼ਿਲ੍ਹੇ ਵਿੱਚ ਪ੍ਰਸਤਾਵਿਤ ਬਾਇਓ-ਗੈਸ ਫੈਕਟਰੀਆਂ ਖ਼ਿਲਾਫ਼ ਸ਼ੁਰੂ ਕੀਤਾ ਸੰਘਰਸ਼ ਹੁਣ ਫ਼ੈਸਲਾਕੁਨ ਮੋੜ ’ਤੇ ਪਹੁੰਚ ਗਿਆ ਹੈ ਅਤੇ ਇਹ ਫੈਕਟਰੀਆਂ ਕਿਸੇ ਹਾਲਤ ਵਿੱਚ ਸਥਾਪਤ ਨਹੀਂ ਹੋਣ ਦਿੱਤੀਆਂ ਜਾਣਗੀਆਂ। ਕਿਸਾਨ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਕੁੱਲਰੀਆਂ ਵਿੱਚ ਕਿਸਾਨਾਂ ਦੇ ਮਾਲਕੀ ਹੱਕ ਬਹਾਲ ਕਰਵਾਉਣ ਲਈ 20 ਸਤੰਬਰ ਤੋਂ ਜਥੇ ਭੇਜੇ ਜਾਣਗੇ।