ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 2 ਜੁਲਾਈ
ਇਲਾਕੇ ਦੀ ਇਕ ਰਿਫਾਈਨਰੀ ਦਾ ਗੰਧਲਾ ਪਾਣੀ ਧਰਤੀ ਹੇਠਾਂ ਜਾਣ ਦੇ ਮੁੱਦੇ ’ਤੇ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਦੀ ਤਿਆਰੀ ਵਿੱਢ ਦਿੱਤੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਅਤੇ ਜਮਹੂਰੀ ਕਿਸਾਨ ਸਭਾ ਦੇ ਆਗੂ ਬਲਰਾਜ ਸਿੰਘ ਕੋਟਉਮਰਾ ਨੇ ਆਪਸੀ ਵਿਚਾਰ-ਵਟਾਂਦਰੇ ਤੋਂ ਬਾਅਦ ਡਿਪਟੀ ਕਮਿਸ਼ਨਰ ਲੁਧਿਆਣਾ, ਉਪ ਮੰਡਲ ਮੈਜਿਸਟਰੇਟ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਗੰਭੀਰ ਮਸਲੇ ’ਚ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਰਿਫਾਈਨਰੀ ਦਾ ਗੰਦਾ ਪਾਣੀ ਧਰਤੀ ’ਚ ਸੁੱਟਣ ਨਾਲ ਜਿਥੇ ਖੇਤੀ ਮੋਟਰਾਂ ’ਚੋਂ ਝੋਨੇ ਦੀ ਬਿਜਾਈ ਲਈ ਗੰਧਲਾ ਪਾਣੀ ਨਿਕਲ ਰਿਹਾ ਹੈ, ਉੱਥੇ ਇਹ ਪ੍ਰਦੂਸ਼ਿਤ ਪਾਣੀ ਇਲਾਕੇ ਦੇ ਲੋਕਾਂ ਦੀ ਜਾਨ ਦਾ ਖੋਅ ਬਣ ਗੰਭੀਰ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਇਸ ਤੋਂ ਪਹਿਲਾਂ ਜਗਰਾਉਂ ਪ੍ਰਸ਼ਾਸਨ ਨੂੰ ਬਾਰਸ਼ ਦਾ ਪ੍ਰਦੂਸ਼ਿਤ ਪਾਣੀ ਵੱਡੇ ਬੋਰ ਕਰ ਕੇ ਜੀਟੀ ਰੋਡ ਦੇ ਦੋਹੇਂ ਪਾਸੀਂ ਧਰਤੀ ’ਚ ਸੁੱਟਣ ਦੀ ਸ਼ਿਕਾਇਤ ਕੀਤੀ ਸੀ। ਇਹ ਮਾਮਲਾ ਮੈਂਬਰ ਪਾਰਲੀਮੈਂਟ ਅਤੇ ਹਲਕਾ ਵਿਧਾਇਕ ਦੇ ਧਿਆਨ ’ਚ ਲਿਆਉਣ ਦੇ ਬਾਵਜੂਦ ਕੋਈ ਅਸਰ ਨਹੀਂ ਹੋਇਆ ਹੈ। ਬਲਾਕ ਦੇ ਪਿੰਡਾਂ ’ਚ ਭਿਆਨਕ ਬਿਮਾਰੀ ਫੈਲਣ ਦੇ ਖਦਸ਼ੇ ਨੇ ਲੋਕਾਂ ਦੀ ਰਾਤਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ। ਇਸ ਗੰਧਲੇ ਪਾਣੀ ਦੀ ਵਰਤੋਂ ਨਾਲ ਫ਼ਸਲਾਂ ਦੀ ਬਰਬਾਦੀ ਦਾ ਵੀ ਡਰ ਕਿਸਾਨਾਂ ਨੂੰ ਸਤਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਇਲਾਕੇ ਦੀਆਂ ਸਮੂਹ ਕਿਸਾਨ, ਮਜ਼ਦੂਰ ਅਤੇ ਇਨਕਲਾਬੀ ਜਥੇਬੰਦੀਆਂ ਦੀ ਸਾਂਝੀ ਮੀਟਿੰਗ 5 ਜੁਲਾਈ ਬੁੱਧਵਾਰ ਦੁਪਹਿਰ ਦੋ ਵਜੇ ਸ਼ਹੀਦ ਨੱਛਤਰ ਸਿੰਘ ਧਾਲੀਵਾਲ ਯਾਦਗਾਰ ਹਾਲ ’ਚ ਸੱਦੀ ਗਈ ਹੈ।