ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 31 ਅਕਤੂਬਰ
ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਵਧ ਰਹੀ ਮਹਿੰਗਾਈ ਅਤੇ ਬੇਰੁਜ਼ਗਾਰੀ ਤੋਂ ਇਲਾਵਾ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਅਤੇ ਲੋਕ ਮਾਰੂ ਆਰਥਿਕ ਨੀਤੀਆਂ ਦੇ ਰੋਸ ਵਜੋਂ ਅੰਦੋਲਨ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਅੱਜ ਇੱਥੇ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿੱਚ ਜ਼ਿਲ੍ਹਾ ਕਾਰਜਕਾਰਨੀ ਦੀ ਪ੍ਰਧਾਨਗੀ ਕਾਮਰੇਡ ਚਮਕੌਰ ਸਿੰਘ ਨੇ ਕੀਤੀ।
ਕਾਮਰੇਡ ਡੀਪੀ ਮੌੜ ਜ਼ਿਲ੍ਹਾ ਸਕੱਤਰ ਨੇ ਦੱਸਿਆ ਕਿ ਵਿਜੇਵਾੜਾ ਵਿੱਚ ਹੋਈ ਪਾਰਟੀ ਦੀ 24ਵੀਂ ਕੌਮੀ ਕਾਂਗਰਸ ਨੇ ਇਨ੍ਹਾਂ ਮੁੱਦਿਆਂ ਉੱਪਰ ਡੂੰਘੀ ਵਿਚਾਰ ਚਰਚਾ ਕਰਨ ਤੋਂ ਬਾਅਦ ਜ਼ਮੀਨੀ ਪੱਧਰ ’ਤੇ ਲੋਕਾਂ ਨੂੰ ਇਕਜੁੱਟ ਕਰ ਕੇ ਅੰਦੋਲਨ ਚਲਾਉਣ ਦਾ ਫ਼ੈਸਲਾ ਲਿਆ ਹੈ। ਇਸ ਸਬੰਧ ਵਿੱਚ ਪਾਰਟੀ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ 16 ਨਵੰਬਰ ਨੂੰ ਭਾਈ ਬਾਲਾ ਚੌਕ ਸਥਿਤ ਉਨ੍ਹਾਂ ਦੇ ਬੁੱਤ ਲਾਗੇ ਇੱਕ ਰੈਲੀ ਕੀਤੀ ਜਾਵੇਗੀ। ਪਾਰਟੀ ਨੇ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਦੀ ਸਹੀ ਢੰਗ ਨਾਲ ਵਿਆਖਿਆ ਕਰਨ ਲਈ ਮੀਟਿੰਗਾਂ ਕਰਨ ਦਾ ਵੀ ਫ਼ੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਹੈ ਕਿ ਸੱਤ ਨਵੰਬਰ ਨੂੰ ਪਹਿਲੇ ਸਮਾਜਵਾਦੀ ਇਨਕਲਾਬ ਨੂੰ ਯਾਦ ਕਰਦਿਆਂ ਵਿਚਾਰ ਗੋਸ਼ਟੀ ਕੀਤੀ ਜਾਵੇਗੀ। ਇਸਤਰੀਆਂ ਉੱਪਰ ਹੋ ਰਹੇ ਅੱਤਿਆਚਾਰਾਂ ਵਿਰੁੱਧ ਅਤੇ ਉਨ੍ਹਾਂ ਦੇ ਬਰਾਬਰਤਾ ਦੇ ਅਧਿਕਾਰਾਂ ਦੇ ਸੰਘਰਸ਼ ਨੂੰ ਅੱਗੇ ਵਧਾਉਣ ਲਈ ਇਸਤਰੀਆਂ ਦੀ ਕਾਨਫ਼ਰੰਸ ਕੀਤੀ ਜਾਵੇਗੀ।
ਆਗੂਆਂ ਨੇ ਕਿਹਾ ਕਿ ਕੇਂਦਰ ਦੀਆਂ ਗ਼ਲਤ ਨੀਤੀਆਂ ਕਾਰਨ ਮੁਲਕ ਦਾ ਅਰਥਚਾਰਾ ਲੀਹੋਂ ਲੱਥ ਗਿਆ ਹੈ। ਇਸ ਕਾਰਨ ਗ਼ਰੀਬਾਂ ’ਤੇ ਮਹਿੰਗਾਈ ਦੀ ਮਾਰ ਪੈ ਰਹੀ ਹੈ।
ਇਸ ਮੌਕੇ ਮੀਟਿੰਗ ਵਿੱਚ ਡਾ. ਅਰੁਣ ਮਿੱਤਰਾ, ਰਮੇਸ਼ ਰਤਨ, ਐੱਮਐੱਸ ਭਾਟੀਆ, ਵਿਜੇ ਕੁਮਾਰ, ਨਵਲ ਛਿੱਬੜ, ਕੇਵਲ ਸਿੰਘ ਬਣਵੈਤ, ਗੁਲਜ਼ਾਰ ਪੰਧੇਰ, ਜਸਵੀਰ ਝੱਜ, ਕੁਲਵੰਤ ਕੌਰ, ਅਮਰਜੀਤ ਕੌਰ ਗੋਰੀਆ, ਭਗਵਾਨ ਸਿੰਘ ਸੋਮਲ ਖੇੜੀ, ਜਗਦੀਸ਼ ਰਾਏ ਬੌਬੀ, ਚਰਨ ਸਿੰਘ ਸਰਾਭਾ, ਦੀਪਕ ਕੁਮਾਰ ਅਤੇ ਗੁਰਵੰਤ ਸਿੰਘ ਨੇ ਵੀ ਹਿੱਸਾ ਲਿਆ।