ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 17 ਜੁਲਾਈ
ਭਾਰਤ ਗਿਆਨ ਵਿਗਿਆਨ ਸਮਿਤੀ ਪੰਜਾਬ ਤੇ ਚੰਡੀਗੜ੍ਹ ਦੀ ਰਾਏਕੋਟ ਵਿਚ ਚੱਲ ਰਹੀ ਦੋ ਰੋਜ਼ਾ ਕਾਰਜਸ਼ਾਲਾ ਮਨੁੱਖੀ ਬਰਾਬਰਤਾ ਵਾਲਾ ਸਮਾਜ ਸਿਰਜਣ ਲਈ ਆਪਸੀ ਭਾਈਚਾਰਾ ਮਜ਼ਬੂਤ ਬਣਾਉਣ ਦੇ ਹੋਕੇ ਨਾਲ ਸਮਾਪਤ। ਸਮਾਪਤੀ ਸਮਾਗਮ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਡਾਕਟਰ ਸ਼ਿਆਮ ਸੁੰਦਰ ਦੀਪਤੀ ਅਤੇ ਸੂਬਾਈ ਕਨਵੀਨਰ ਡਾਕਟਰ ਪਿਆਰਾ ਲਾਲ ਗਰਗ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਸੰਵਾਦ ਰਚਾਉਣ, ਸੈਮੀਨਾਰ, ਕਾਰਜਸ਼ਾਲਾ, ਸਕੂਲੀ ਬੱਚਿਆਂ ਦੇ ਮੁਕਾਬਲਿਆਂ ਸਮੇਤ ਹੋਰ ਸਾਂਝੀਆਂ ਗਤੀਵਿਧੀਆਂ ਜਥੇਬੰਦ ਕਰਨ ਦੀ ਵਿਉਂਤਬੰਦੀ ਦਾ ਖ਼ਾਕਾ ਪੇਸ਼ ਕੀਤਾ। ਉਨ੍ਹਾਂ ਦੇਸ਼ ਵਿਚ ਆਪਸੀ ਭਾਈਚਾਰਾ ਅਤੇ ਸਮਾਜਕ ਸਾਂਝਾਂ ਨੂੰ ਤੋੜੇ ਜਾਣ ’ਤੇ ਫ਼ਿਕਰਮੰਦੀ ਜ਼ਾਹਿਰ ਕੀਤੀ ਅਤੇ ਦੇਸ਼ ਵਿਚ ਇੱਕ-ਇੱਕ ਕਰ ਕੇ ਸੰਸਥਾਵਾਂ ਤੋੜੇ ਜਾਣ ਨੂੰ ਬੇਹੱਦ ਘਾਤਕ ਦੱਸਿਆ। ਉਨ੍ਹਾਂ ਕਿਹਾ ਕਿ ਜੇਕਰ ਅੱਜ ਵੀ ਇਸ ਦੀ ਰਾਖੀ ਲਈ ਨਾ ਉੱਠੇ ਤਾਂ ਬਹੁਤ ਦੇਰ ਹੋ ਜਾਵੇਗੀ।
ਦੋ ਰੋਜ਼ਾ ਕਾਰਜਸ਼ਾਲਾ ਦੇ ਆਖ਼ਰੀ ਦਿਨ ‘‘ਮੌਜੂਦਾ ਹਾਲਾਤ ਨੂੰ ਮੋੜਾ ਦੇਣ ਲਈ ਕੀ ਕੀਤਾ ਜਾਵੇ’ ਵਿਸ਼ੇ ’ਤੇ ਵਿਚਾਰ ਚਰਚਾ ਮਗਰੋਂ ਬੁਲਾਰਿਆਂ ਨੇ ਭਵਿੱਖ ਦੀ ਯੋਜਨਾਬੰਦੀ ਦਾ ਖ਼ਾਕਾ ਵੀ ਪੇਸ਼ ਕੀਤਾ। ਸਾਰੇ ਜ਼ਿਲ੍ਹਿਆਂ ਦੇ ਡੈਲੀਗੇਟਾਂ ਨੇ ਟੋਲੀ ਚਰਚਾ ਦੌਰਾਨ ਆਪਣੇ-ਆਪਣੇ ਜ਼ਿਲ੍ਹਿਆਂ ਵਿੱਚ ਅਗਲੇ ਤਿੰਨ ਮਹੀਨਿਆਂ ਦੌਰਾਨ ਚਲਾਈਆਂ ਜਾਣ ਵਾਲੀਆਂ ਸਾਂਝੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੀ ਚਰਚਾ ਬਾਅਦ ਹਰ ਜ਼ਿਲ੍ਹੇ ਦੀ ਕਾਰਜਸ਼ਾਲਾ ਦੀ ਵਿਉਂਤਬੰਦੀ ਕੀਤੀ ਗਈ। ਕੇਸਰ ਸਿੰਘ ਬੰਸੀਆ, ਪਰਮਿੰਦਰ ਕੌਰ ਮਾਨਸਾ, ਚਰਨਜੀਤ ਕੌਰ ਬਠਿੰਡਾ, ਗੁਰਪ੍ਰੀਤ ਸਿੰਘ ਗੁਰਦਾਸਪੁਰ, ਦਰਸ਼ਨ ਸਿੰਘ ਮਾਨਸਾ ਸਮੇਤ ਹੋਰ ਬੁਲਾਰਿਆਂ ਨੇ ਵੀ ਭਵਿੱਖ ਦੇ ਪ੍ਰੋਗਰਾਮ ਬਾਰੇ ਵਿਚਾਰ ਪੇਸ਼ ਕੀਤੇ।