ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 16 ਸਤੰਬਰ
‘ਆਪਣਾ ਪੰਜਾਬ ਫਾਊਂਡੇਸ਼ਨ’ ਨੇ ਰੋਟਰੀ ਕਲੱਬ ਦੇ ਸਹਿਯੋਗ ਨਾਲ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਦੋ ਸੌ ਲੋੜਵੰਦ ਲੋਕਾਂ ਦੇ ਬਣਾਉਟੀ ਅੰਗ ਲਗਵਾਏ। ਫੈੱਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਤੇ ਫਾਊਡੇਂਸ਼ਨ ਨੇ ਪਹਿਲਾਂ ਹੀ ਮਿਸ਼ਨ ਹਰਿਆਲੀ ਅਧੀਨ ਦੋ ਵਿਸ਼ਵ ਰਿਕਾਰਡ ਸਥਾਪਤ ਕੀਤੇ ਹਨ। ਇਨ੍ਹਾਂ ਕਾਰਜਾਂ ਅਧੀਨ ਦੂਜੀ ਵਾਰ ਮਾਡਰਨ ਸੈਕੂਲਰ ਸੀਨੀਅਰ ਸੈਕੰਡਰੀ ਵਿੱਚ ਕੈਂਪ ਲਾ ਕੇ ਅੰਗਹੀਣ ਲੋਕਾਂ ਦੇ ਨਕਲੀ ਅੰਗ ਲਗਵਾ ਕੇ ਸਮਾਜ ਸੇਵਾ ਦੇ ਕੰਮ ਨੂੰ ਅੱਗੇ ਵਧਾਇਆ ਗਿਆ। ਐੱਮਐੱਲਡੀ ਸਕੂਲ ਤਲਵੰਡੀ ਕਲਾਂ ਦੇ ਪ੍ਰਿੰਸੀਪਲ ਅਤੇ ਐਸੋਸੀਏਸ਼ਨ ਦੇ ਸੂਬਾਈ ਆਗੂ ਪ੍ਰਿੰ. ਬਲਦੇਵ ਬਾਵਾ ਨੇ ਕੈਂਪ ’ਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਫੈੱਡਰੇਸ਼ਨ ਅਤੇ ਫਾਊਡੇਂਸ਼ਨ ਮਿਲ ਕੇ ਨੇ ਮਿਸ਼ਨ ਹਰਿਆਲੀ, ਅੰਗਹੀਣਾਂ ਲਈ ਕੈਂਪ, ਗੁਰੂ ਨਾਨਕ ਬਗੀਚੀ, ਮੀਂਹ ਦੇ ਪਾਣੀ ਨਾਲ ਧਰਤੀ ਨੂੰ ਰੀ-ਚਾਰਜ ਕਰਨਾ ਆਦਿ ਮਿਸ਼ਨ ਆਰੰਭੇ ਹੋਏ ਹਨ। ਪੰਜਾਬ ਦੀ ਸਕੂਲੀ ਸਿੱਖਿਆ ਦਾ ਮਿਆਰ ਉੱਚਾ ਚੁੱਕਣਾ ਅਤੇ ਅੰਤਰਰਾਸ਼ਟਰੀ ਪੱਧਰ ਦੇ ਵਿਦਿਆਰਥੀ ਤੇ ਖਿਡਾਰੀ ਤਿਆਰ ਕਰਨੇ ਫੈੱਡਰੇਸ਼ਨ ਦੇ ਮੁੱਖ ਏਜੰਡੇ ਹਨ। ਅਖੀਰ ’ਚ ਪ੍ਰਿੰਸੀਪਲ ਬਾਵਾ ਨੇ ਸੇਵਾਦਾਰ ਟੀਮ ਦਾ ਧੰਨਵਾਦ ਕੀਤਾ ਅਤੇ ਆਗੂਆਂ ਨੂੰ ਵਧਾਈ ਦਿੱਤੀ।