ਪੱਤਰ ਪ੍ਰੇਰਕ
ਜਗਰਾਉਂ, 12 ਮਈ
ਸਿੱਧਵਾਂ ਬੇਟ ਦੀ ਪੁਲੀਸ ਨੇ ਮੰਡੀ ਵਿੱਚੋਂ ਕਣਕ ਚੋਰੀ ਕਰਨ ਵਾਲੇ ਮੁਲਜ਼ਮ ਦੀ ਸ਼ਨਾਖਤ ਮਗਰੋਂ ਕੇਸ ਦਰਜ ਕਰ ਕੇ ਉਸ ਦੀ ਭਾਲ ਆਰੰਭ ਦਿੱਤੀ ਹੈ। ਜਾਣਕਾਰੀ ਅਨੁਸਾਰ ਏਐੱਸਆਈ ਦਲਜੀਤ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਮੰਡੀ ਵਿੱਚੋਂ ਚੋਰੀ ਹੋਈਆਂ 45 ਬੋਰੀਆਂ ਕਣਕ ਪੂਰਨ ਸਿੰਘ ਉਰਫ ਪੂਰੀ ਵਾਸੀ ਪਰਜੀਆਂ ਬਿਹਾਰੀਪੁਰ ਨੇ ਚੋਰੀ ਕੀਤੀਆਂ ਸਨ ਜੋ ਹੰਬੜਾਂ ਸੜਕ ’ਤੇ ਪਈਆਂ ਹਨ। ਪੁਲੀਸ ਨੇ ਹੰਬੜਾਂ ਸੜਕ ਤੋਂ 10 ਬੋਰੀਆਂ ਕਣਕ ਅਤੇ ਗੱਡੀ ਬਰਾਮਦ ਕਰ ਲਈ ਹੈ। ਇਸ ਚੋਰੀ ਨੂੰ ਅੰਜਾਮ ਦੇਣ ਵਾਲਾ ਪੂਰਨ ਸਿੰਘ ਉਰਫ ਪੂਰੀ ਵਾਸੀ ਪਰਜੀਆਂ ਬਿਹਾਰੀਪੁਰ ਆਪਣੇ ਸਾਥੀਆਂ ਸਮੇਤ ਫਰਾਰ ਹੈ। ਏ.ਐੱਸ.ਆਈ. ਦਲਜੀਤ ਸਿੰਘ ਨੇ ਦੱਸਿਆ ਕਿ ਚੋਰ ਜਲਦੀ ਹਿਰਾਸਤ ’ਚ ਹੋਣਗੇ। ਯਾਦ ਰਹੇ ਇਸ ਮੰਡੀ ਵਿੱਚੋਂ ਰਾਊਵਾਲ ਅਤੇ ਜਗਰਾਉਂ ਕੋ-ਅਪਰੇਟਿਵ ਸੁਸਾਇਟੀ ਦੀ ਖਰੀਦ ਕੀਤੀ ਕਣਕ ਵੀ ਚੋਰੀ ਹੋ ਚੁੱਕੀ ਹੈ।