ਗੁਰਿੰਦਰ ਸਿੰਘ
ਲੁਧਿਆਣਾ, 2 ਅਕਤੂਬਰ
ਥਾਣਾ ਟਿੱਬਾ ਦੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ ਜਿਨ੍ਹਾਂ ਵੱਲੋਂ ਪੁਲੀਸ ਕਮਿਸ਼ਨਰ ਕੌਸਤੁਭ ਸ਼ਰਮਾ ਦੀ ਆਪਣੇ ਮੋਬਾਈਲ ’ਤੇ ਡੀਪੀ ਲਾ ਕੇ ਲੋਕਾਂ ਤੋਂ ਗਿਫਟ ਵਾਊਚਰਾਂ ਦੀ ਮੰਗ ਕੀਤੀ ਜਾ ਰਹੀ ਸੀ। ਇਸ ਧੋਖਾਧੜੀ ਦਾ ਪਰਦਾਫਾਸ਼ ਉਸ ਸਮੇਂ ਹੋਇਆ ਜਦੋਂ ਧੋਖੇਬਾਜ਼ ਨੇ ਆਪਣੇ ਮੋਬਾਈਲ ਨੰਬਰ 62809-04170 ਤੋਂ ਥਾਣਾ ਟਿੱਬਾ ਦੇ ਐਸਐਚਓ ਹਰਜਿੰਦਰ ਸਿੰਘ ਨੂੰ ਵਟਸਐਪ ਨੰਬਰ 78370-18633 ’ਤੇ ਲਿੰਕ ਭੇਜਦਿਆਂ ਉਸ ’ਤੇ ਕਲਿੱਕ ਕਰਨ ਲਈ ਕਹਿਕੇ ਉਸਨੂੰ ਗਿਫ਼ਟ ਕਾਰਡ ਭੇਜਣ ਲਈ ਕਿਹਾ।
ਥਾਣਾ ਟਿੱਬਾ ਦੇ ਐੱਸਐੱਚਓ ਇੰਸਪੈਕਟਰ ਹਰਜਿੰਦਰ ਸਿੰਘ ਨੇ ਮੋਬਾਈਲ ਮੈਸੇਜ ਮਿਲਣ ਤੋਂ ਬਾਅਦ ਇਹ ਮਾਮਲਾ ਪੁਲੀਸ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਅਤੇ ਬਾਅਦ ਵਿੱਚ ਅਣਪਛਾਤੇ ਧੋਖੇਬਾਜ਼ਾਂ ਖ਼ਿਲਾਫ਼ ਐਫਆਈਆਰ ਦਰਜ ਕਰਵਾਈ। ਪਤਾ ਲੱਗਾ ਕਿ ਧੋਖੇਬਾਜ਼ਾਂ ਵੱਲੋਂ ਹੋਰ ਪੁਲੀਸ ਅਧਿਕਾਰੀਆਂ ਨੇ ਵੀ ਵਟਸਐਪ ’ਤੇ ਅਜਿਹੇ ਸੁਨੇਹੇ ਮਿਲਣ ਦੀ ਸ਼ਿਕਾਇਤ ਕੀਤੀ ਹੈ। ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ 1 ਅਕਤੂਬਰ ਨੂੰ ਉਸ ਨੂੰ ਕਿਸੇ ਅਣਪਛਾਤੇ ਨੰਬਰ 62809-04170 ਤੋਂ ਉਸ ਦੇ ਅਧਿਕਾਰਤ ਨੰਬਰ 78370-18632 ’ਤੇ ਇਕ ਵਟਸਐਪ ਸੁਨੇਹਾ ਮਿਲਿਆ। ਮੋਬਾਈਲ ਦੇ ਉਪਭੋਗਤਾ ਨੇ ਪੁਲੀਸ ਕਮਿਸ਼ਨਰ ਕੌਸਤੁਭ ਸ਼ਰਮਾ ਦੀ ਤਸਵੀਰ ਦੀ ਵਰਤੋਂ ਡੀਪੀ ਵਜੋਂ ਕੀਤੀ ਹੋਈ ਸੀ। ਉਪਭੋਗਤਾ ਨੇ ਉਸਨੂੰ ਈ-ਕਾਮਰਸ ਕੰਪਨੀ ਐਮੇਜ਼ੋਨ ਦੇ ਗਿਫਟ ਕਾਰਡ ਭੇਜਣ ਲਈ ਕਿਹਾ।
ਮੁਲਜ਼ਮ ਨੇ ਕਿਹਾ ਕਿ ਉਸਨੂੰ ਅਜਿਹੇ ਕਾਰਡਾਂ ਦੀ ਲੋੜ ਹੈ, ਪਰ ਉਹ ਮੀਟਿੰਗ ਵਿੱਚ ਹੋਣ ਕਾਰਨ ਇਸਦਾ ਇੰਤਜ਼ਾਮ ਨਹੀਂ ਕਰ ਸਕਦਾ। ਉਸਨੇ ਗਿਫਟ ਕਾਰਡ ਦੀ ਮੰਗ ਕਰਦਿਆਂ ਅਤੇ ਵਾਅਦਾ ਕੀਤਾ ਕਿ ਉਹ ਇਹ ਪੈਸੇ ਵਾਪਸ ਕਰ ਦੇਵੇਗਾ।
ਐੱਸਐੱਚਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਸੀਨੀਅਰ ਅਧਿਕਾਰੀਆਂ ਨਾਲ ਮੋਬਾਈਲ ’ਤੇ ਆਏ ਵਟਸਐਪ ਸੁਨੇਹਿਆਂ ਨੂੰ ਸਾਂਝਾ ਕੀਤਾ ਜਿਸ ਤੋਂ ਬਾਅਦ ਪੁਲੀਸ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਥਾਣਾ ਟਿੱਬਾ ਵਿੱਚ ਧਾਰਾ 419, 420, ਸੂਚਨਾ ਅਤੇ ਤਕਨਾਲੋਜੀ ਐਕਟ ਦੀ ਧਾਰਾ 66 ਸੀ ਤਹਿਤ ਅਣਪਛਾਤੇ ਮੁਲਜ਼ਮਾਂ ਵਿਰੁੱਧ ਐੱਫਆਈਆਰ ਦਰਜ ਕਰਵਾਈ। ਪੁਲੀਸ ਸਾਈਬਰ ਕ੍ਰਾਈਮ ਸੈੱਲ ਦੀ ਮਦਦ ਨਾਲ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।