ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 28 ਸਤੰਬਰ
ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲੀਸ ਨੇ ਦੋ ਪ੍ਰਾਪਰਟੀ ਡੀਲਰ ਖ਼ਿਲਾਫ਼ ਜਾਇਦਾਦ ਦੇ ਮਾਮਲੇ ‘ਚ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਹੈ। ਬਿੰਦਰਾਬਨ ਰੋਡ ਵਾਸੀ ਅਸ਼ਵਨੀ ਕੁਮਾਰ ਨੇ ਦੱਸਿਆ ਹੈ ਕਿ ਉਸਨੇ ਪ੍ਰਾਪਰਟੀ ਡੀਲਰਾਂ ਵਰੁਨ ਕੁਮਾਰ ਵਾਸੀ ਗਗਨਦੀਪ ਕਾਲੋਨੀ ਕੈਲਾਸ਼ ਨਗਰ ਅਤੇ ਵਿਸ਼ਾਲ ਵਾਸੀ ਆਮੰਤਰਨ ਕਲੋਨੀ ਕੈਲਾਸ਼ ਨਗਰ ਨਾਲ ਦੋ ਸੌ ਗਜ਼ ਦੇ ਪਲਾਟ ਦਾ ਸੌਦਾ ਕੀਤਾ ਸੀ। ਆਮੰਤਰਨ ਕਲੋਨੀ ਸਥਿਤ ਇਹ ਪਲਾਟ ਨੇਹਾ ਗੁਪਤਾ ਪਤਨੀ ਨਵਦੀਪ ਗੁਪਤਾ ਵਾਸੀ ਕਿਚਲੂ ਨਗਰ ਦੇ ਨਾਮ ਉੱਪਰ ਸੀ। ਉਨ੍ਹਾਂ ਨੇ ਇਸ ਦਾ ਬਿਆਨਾ ਕਰਕੇ ਅੱਠ ਲੱਖ ਰੁਪਏ ਤੋਂ ਇਲਾਵਾ ਇੱਕ ਪਲਾਟ ਤੇ ਅਤੇ ਇੱਕ ਦੁਕਾਨ ਦੇਣ ਦਾ ਸੌਦਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਪ੍ਰਾਪਰਟੀ ਡੀਲਰਾਂ ਵੱਲੋਂ ਪਲਾਟ ਦੀ ਰਜਿਸਟਰੀ ਕਰਵਾਉਣ ਲਈ ਟਾਲਮਟੋਲ ਕੀਤਾ ਗਿਆ ਤਾਂ ਉਹ ਨੇਹਾ ਗੁਪਤਾ ਦੇ ਕਿਚਲੂ ਨਗਰ ਘਰ ਵਿੱਚ ਗਏ ਤਾਂ ਜੋ ਉਸ ਨਾਲ ਗੱਲਬਾਤ ਕੀਤੀ ਜਾ ਸਕੇ। ਉਸ ਨੇ ਦੱਸਿਆ ਕਿ ਉਸ ਵੱਲੋਂ ਪਲਾਟ ਦਾ ਕੋਈ ਵੀ ਸੌਦਾ ਨਹੀਂ ਕੀਤਾ ਗਿਆ। ਥਾਣੇਦਾਰ ਸੁਖਦਰਸ਼ਨ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਉਪਰੰਤ ਦੋਹਾਂ ਪ੍ਰਾਪਰ ਡੀਲਰਾਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਨੇ ਨੇਹਾ ਗੁਪਤਾ ਦੇ ਜਾਅਲੀ ਦਸਤਖਤ ਕਰਕੇ ਪਲਾਟ ਦਾ ਸੌਦਾ ਕੀਤਾ ਸੀ ਪੁਲੀਸ ਉਨ੍ਹਾਂ ਦੀ ਭਾਲ ਕਰ ਰਹੀ ਹੈ।