ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 21 ਸਤੰਬਰ
ਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਨਾਜਾਇਜ਼ ਮਾਈਨਿੰਗ ਦੇ ਦੋਸ਼ ਤਹਿਤ ਕੇਸ ਦਰਜ ਕਰਕੇ ਦੋ ਟਿੱਪਰ ਅਤੇ ਇੱਕ ਪੋਕਲੇਨ ਮਸ਼ੀਨ ਜ਼ਬਤ ਕੀਤੇ ਹਨ। ਇਸ ਸਬੰਧੀ ਥਾਣਾ ਜਮਾਲਪੁਰ ਦੇ ਥਾਣੇਦਾਰ ਮੁਖਤਿਆਰ ਸਿੰਘ ਨੇ ਦੱਸਿਆ ਹੈ ਕਿ ਸਾਹਿਬਾਣਾ ਪੁਲੀ ’ਤੇ ਮੌਜੂਦ ਪੁਲੀਸ ਪਾਰਟੀ ਨੂੰ ਖ਼ਬਰ ਮਿਲੀ ਸੀ ਕਿ ਦੋ ਟਿੱਪਰਾਂ ਵਿੱਚ ਨਾਜਾਇਜ਼ ਖਣਨ ਕਰਕੇ ਮਿੱਟੀ ਭਰ ਕੇ ਲਿਜਾਈ ਜਾ ਰਹੀ ਹੈ। ਇਸ ਮਗਰੋਂ ਪੁਲੀਸ ਨੇ ਚੰਡੀਗੜ ਰੋਡ ਵੱਲੋਂ ਪਿੰਡ ਧਨਾਨਸੂ ਕੋਲੋਂ ਉਕਤ ਟਿੱਪਰਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ, ਜਦਕਿ ਇਨ੍ਹਾਂ ਦੇ ਚਾਲਕਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ।
ਇਸੇ ਤਰ੍ਹਾਂ ਥਾਣਾ ਕੁੰਮਕਲਾਂ ਦੀ ਪੁਲੀਸ ਨੇ ਪੰਕਜ ਵਰਮਾ ਜੇਈ-ਕਮ-ਮਾਈਨਿਗ ਇੰਸਪੈਕਟਰ ਜਲ ਨਿਕਾਸ ਉੱਪ ਮੰਡਲ ਲੁਧਿਆਣਾ ਦੀ ਸ਼ਿਕਾਇਤ ’ਤੇ ਪਿੰਡ ਹਾਦੀਵਾਲ ਨੇੜੇ ਸਤਲੁਜ ਬੰਨ੍ਹ ’ਤੇ ਜਾ ਕੇ ਇੱਕ ਪੋਕਲੇਨ ਮਸ਼ੀਨ ਤੇ ਇੱਕ ਟਿੱਪਰ ਰੇਤੇ ਨਾਲ ਭਰਿਆ ਹੋਇਆ ਅਤੇ ਇੱਕ ਟਿੱਪਰ ਮਸ਼ੀਨ ਕਬਜ਼ੇ ਵਿੱਚ ਲੈ ਕੇ ਉਸ ਦੇ ਚਾਲਕਾਂ ਕੇਵਲ ਸਿੰਘ ਵਾਸੀ ਪਿੰਡ ਬਲੀਏਵਾਲ ਅਤੇ ਮਨਪ੍ਰੀਤ ਸਿੰਘ ਉਰਫ਼ ਮੰਨਾ ਵਾਸੀ ਪਿੰਡ ਕੂੰਮਕਲਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।