ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 29 ਅਕਤੂਬਰ
ਵੱਖ-ਵੱਖ ਥਾਣਿਆਂ ਦੇ ਇਲਾਕਿਆਂ ਵਿੱਚ ਅਣਪਛਾਤੇ ਵਿਅਕਤੀ ਮੋਬਾਈਲ, ਈ-ਰਿਕਸ਼ਾ ਅਤੇ ਐਕਟਿਵਾ ਚੋਰੀ ਕਰ ਕੇ ਲੈ ਗਏ ਹਨ। ਥਾਣਾ ਸਰਾਭਾ ਨਗਰ ਦੀ ਪੁਲੀਸ ਨੂੰ ਪਿੰਡ ਬਾੜੇਵਾਲ ਅਵਾਣਾ ਵਾਸੀ ਖੁਸ਼ਵੰਤ ਸਿੰਘ ਨੇ ਦੱਸਿਆ ਕਿ ਉਹ ਸੂਆ ਰੋਡ ’ਤੇ ਜਾ ਰਿਹਾ ਸੀ ਤਾਂ ਉਸਦੇ ਹੱਥ ਵਿੱਚ ਫੜਿਆ ਮੋਬਾਈਲ ਰਸਤੇ ਵਿੱਚ ਹੀ ਡਿੱਗ ਗਿਆ ਜਿਸਨੂੰ ਪਿੱਛੋਂ ਆ ਰਹੇ ਦੋ ਮੋਟਰਸਾਈਕਲ ਸਵਾਰ ਲੜਕੇ ਚੋਰੀ ਕਰ ਕੇ ਭੱਜ ਗਏ। ਇਸੇ ਤਰ੍ਹਾਂ ਥਾਣਾ ਹੈਬੋਵਾਲ ਦੀ ਪੁਲੀਸ ਨੂੰ ਆਜ਼ਾਦ ਨਗਰ ਨੇੜੇ ਬਾਗੀ ਸਟੈਂਡ ਸ਼ਿਮਲਾਪੁਰੀ ਵਾਸੀ ਰੀਆ ਨੇ ਦੱਸਿਆ ਕਿ ਉਹ ਜਸਪ੍ਰੀਤ ਦੇ ਆਟੋ ’ਤੇ ਸਵਾਰ ਹੋ ਕੇ ਕ੍ਰਿਸ਼ਨਾ ਮੰਦਰ ਮਾਡਲ ਟਾਊਨ ਤੋਂ ਘਰ ਜਾ ਰਹੀ ਸੀ ਤਾਂ ਠੇਕਾ ਸ਼ਰਾਬ ਨੇੜੇ ਧੱਕਾ ਕਲੋਨੀ ਮਾਡਲ ਟਾਊਨ, ਪਾਸ ਪਿੱਛੋਂ ਦੋ ਅਣਪਛਾਤੇ ਲੜਕੇ ਮੋਟਰਸਾਈਕਲ ’ਤੇ ਆਏ ਤੇ ਉਸਦੇ ਮੋਢੇ ’ਤੇ ਟੰਗਿਆ ਬੈਗ ਖੋਹਣ ਦੀ ਕੋਸ਼ਿਸ਼ ਕੀਤੀ ਪਰ ਉਹ ਉਸਦੇ ਹੱਥ ਵਿੱਚ ਫੜਿਆ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ।