ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 15 ਸਤੰਬਰ
ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੇ ਅਦਾਲਤ ਨਾਲ ਜਾਅਲਸਾਜ਼ੀ ਕਰਨ ਦੇ ਦੋਸ਼ ਹੇਠ ਵੱਖ-ਵੱਖ ਧਾਰਾਵਾਂ ਤਹਿਤ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਥਾਣੇਦਾਰ ਸੁਖਪਾਲ ਸਿੰਘ ਨੇ ਦੱਸਿਆ ਹੈ ਕਿ ਏਐਸਜੇ ਜਸਪਿੰਦਰ ਸਿੰਘ ਦੀ ਅਦਾਲਤ ਦੇ ਹੁਕਮ ’ਤੇ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਕੱਦਮਾ ਨੰਬਰ 202 ਮਿਤੀ 18-11-22 ਅ/ਧ 22/27 ਐਨਡੀਪੀਐਸ ਐਕਟ ਥਾਣਾ ਜੀਆਰਪੀ ਲੁਧਿਆਣਾ ਦੇ ਦੋਸ਼ੀ ਸ਼ਾਮ ਲਾਲ ਉਰਫ਼ ਸ਼ਾਮਾ ਦੀ ਜ਼ਮਾਨਤ ਦੇਣ ਲਈ ਜ਼ਮਾਨਤੀ ਈਸ਼ਰ ਸਿੰਘ ਅਦਾਲਤ ਵਿੱਚ ਪੇਸ਼ ਹੋਇਆ ਸੀ। ਉਸਨੂੰ ਗੁਰਪ੍ਰੀਤ ਸਿੰਘ ਨੰਬਰਦਾਰ ਅਤੇ ਰੋਸ਼ਨ ਬਤੌਰ ਗਵਾਹ ਤਸਦੀਕ ਕਰਨ ਲਈ ਅਦਾਲਤ ਵਿੱਚ ਪੇਸ਼ ਹੋਏ ਸਨ। ਮਾਨਯੋਗ ਅਦਾਲਤ ਵੱਲੋਂ
ਜ਼ਮਾਨਤ ਨੂੰ ਵੈਰੀਫਾਈ ਕੀਤਾ ਗਿਆ ਤਾਂ ਉਕਤ ਤਿੰਨੇ ਜ਼ਮਾਨਤੀ ਈਸ਼ਰ ਸਿੰਘ, ਗਵਾਹ ਗੁਰਪ੍ਰੀਤ ਸਿੰਘ ਨੰਬਰਦਾਰ ਅਤੇ ਰੋਸ਼ਨ ਵੱਲੋਂ ਜਾਅਲੀ ਦਸਤਾਵੇਜ਼ ਪੇਸ਼ ਕਰਕੇ ਅਦਾਲਤ ਨਾਲ ਜਾਅਲਸਾਜ਼ੀ ਕੀਤੀ ਗਈ। ਇਸ ਤਹਿਤ ਪੁਲੀਸ ਵੱਲੋਂ ਜਾਅਲੀ ਜ਼ਮਾਨਤੀ ਈਸ਼ਰ ਸਿੰਘ ਵਾਸੀ ਪਿੰਡ ਅਠਵਾਲ ਅੰਮ੍ਰਿਤਸਰ, ਗੁਰਪ੍ਰੀਤ ਸਿੰਘ ਨੰਬਰਦਾਰ ਵਾਸੀ ਪਿੰਡ ਅਠਵਾਲ ਅੰਮ੍ਰਿਤਸਰ, ਰੋਸ਼ਨ ਵਾਸੀ ਦੋਲਾ ਨੰਗਲ ਬਟਾਲਾ ਅਤੇ ਸ਼ਾਮ ਲਾਲ ਉਰਫ਼ ਸ਼ਾਮਾ ਵਾਸੀ ਦੋਲਾ ਨੰਗਲ ਬਟਾਲਾ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।