ਖੇਤਰੀ ਪ੍ਰਤੀਨਿਧ
ਲੁਧਿਆਣਾ, 3 ਸਤੰਬਰ
ਲੁਧਿਆਣਾ ਵਿੱਚ ਅੱਜ ਵੱਖ-ਵੱਖ ਕਲੱਬਾਂ ਵੱਲੋਂ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਦੇ ਮਕਸਦ ਨਾਲ ਨਸ਼ਾ ਵਿਰੋਧੀ ਜੀਪ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਡੀਸੀਪੀ ਟ੍ਰੈਫਿਕ ਵਰਿੰਦਰ ਸਿੰਘ ਬਰਾੜ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਰੈਲੀ ਨੂੰ ਰਵਾਨਾ ਕੀਤਾ।
ਬਾਈਕ, ਜੀਪ ਅਤੇ ਵਿਨਟੇਜ਼ ਕਾਰ ਕਲੱਬਾਂ ਵੱਲੋਂ ਸਾਂਝੇ ਤੌਰ ’ਤੇ ਕੱਢੀ ਇਹ ਰੈਲੀ ਜਨਪਥ ਅਸਟੇਟ ਸਾਊਥ ਸਿਟੀ ਤੋਂ ਸ਼ੁਰੂ ਹੋ ਕੇ ਸਾਹਨੇਵਾਲ ਦੀ ਮੁੱਖ ਮਾਰਕੀਟ ਤੱਕ ਪਹੁੰਚ ਕੇ ਖਤਮ ਹੋਈ। ਇਸ ਰੈਲੀ ਵਿੱਚ 500 ਤੋਂ ਵੱਧ ਮੈਂਬਰਾਂ ਨੇ ਸ਼ਿਰਕਤ ਕੀਤੀ। ਡੀਸੀਪੀ ਬਰਾੜ ਨੇ ਦੱਸਿਆ ਕਿ ਸਮਾਜ ਵਿੱਚ ਨਸ਼ਾ ਪੂਰੀ ਤਰ੍ਹਾਂ ਪੈਰ ਪਸਾਰ ਚੁੱਕਾ ਹੈ। ਨੌਜਵਾਨ ਪੀੜ੍ਹੀ ਗਲਤ ਸੰਗਤ ਕਰਕੇ ਨਸ਼ਿਆਂ ਦਾ ਸ਼ਿਕਾਰ ਹੋ ਰਹੀ ਹੈ। ਇਸ ਨੌਜਵਾਨ ਪੀੜ੍ਹੀ ਨੂੰ ਬਚਾਉਣ ਅਤੇ ਸਮਾਜ ਵਿੱਚੋਂ ਨਸ਼ਿਆਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਜਾਗਰੂਕਤਾ ਬਹੁਤ ਜ਼ਰੂਰੀ ਹੈ। ਅੱਜ ਦੀ ਇਹ 20 ਕਿਲੋਮੀਟਰ ਲੰਬੀ ਰੈਲੀ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਕੱਢੀ ਗਈ ਸੀ। ਉਨ੍ਹਾਂ ਨੇ ਇਸ ਰੈਲੀ ਨੂੰ ਸਫਲ ਕਰਨ ਲਈ ਵੱਖ ਵੱਖ ਪ੍ਰਤੀਨਿਧੀਆਂ ਦੀ ਸ਼ਲਾਘਾ ਕੀਤੀ ਅਤੇ ਉਮੀਦ ਪ੍ਰਗਟਾਈ ਕਿ ਉਹ ਭਵਿੱਖ ’ਚ ਵੀ ਅਜਿਹੇ ਸਮਾਜਿਕ ਕਾਰਜ ਕਰਦੇ ਰਹਿਣਗੇ।
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਚਿੱਟੇ ਵਰਗੇ ਸਿੰਥੈਟਿਕ ਨਸ਼ਿਆਂ ਦੇ ਖਾਤਮੇ ਅਤੇ ਇਸ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਬਣਦੀ ਕਾਰਵਾਈ ਲਈ ਲੋਕਾਂ ਨੂੰ ਲਾਮਬੰਦ ਕਰਨ ਵਾਸਤੇ 6 ਸਤੰਬਰ ਨੂੰ ਜ਼ਿਲ੍ਹਾ ਹੈੱਡ ਕੁਆਰਟਰਾਂ ਅੱਗੇ ਰੋਸ ਮੁਜ਼ਾਹਰੇ ਕਰਕੇ ਪੰਜਾਬ ਸਰਕਾਰ ਨੂੰ ਮੰਗ-ਪੱਤਰ ਦਿੱਤੇ ਜਾਣਗੇ। ਇਸ ਸਬੰਧੀ ਅੱਜ ਇੱਥੇ ਇੱਕ ਸਾਂਝੀ ਮੀਟਿੰਗ ਕੀਤੀ ਗਈ ਜਿਸ ਵਿੱਚ ਮਜ਼ਦੂਰਾਂ, ਕਿਸਾਨਾਂ ਤੇ ਨੌਜਵਾਨਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਜਗਜੀਤ ਸਿੰਘ ਤੇ ਜਸਦੀਪ ਸਿੰਘ ਨੇ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਦਾ ਮਕਸਦ ਦੱਸਦਿਆਂ ਕਿਹਾ ਕਿ ਨਸ਼ਿਆਂ ਦੀ ਗ੍ਰਿਫ਼ਤ ਵਿੱਚ ਆਏ ਨੌਜਵਾਨ ਅਸਲ ਦੋਸ਼ੀ ਨਹੀਂ ਹਨ ਸਗੋਂ ਉਹ ਤਾਂ ਲੋਕ ਮਾਰੂ ਨਵੀਆਂ ਆਰਥਿਕ, ਸਨਅਤੀ ਤੇ ਖੇਤੀ ਨੀਤੀਆਂ ਤੇ ਨਿਜੀਕਰਨ ਕਾਰਨ ਬੇਰੁਜ਼ਗਾਰੀ, ਮਹਿੰਗਾਈ, ਜਬਰ-ਜੁਲਮ ਦੇ ਸਤਾਏ ਹੋਣ ਕਾਰਨ ਇਸ ਰਾਹ ਤੁਰੇ ਹੋਏ ਹਨ, ਜਿਨ੍ਹਾਂ ਨੂੰ ਪੱਕੇ ਰੁਜ਼ਗਾਰ ਅਤੇ ਮਾਣ-ਸਨਮਾਨ ਦੀ ਜ਼ਿੰਦਗੀ ਜੀਣ ਅਤੇ ਪੀੜਤਾਂ ਨੂੰ ਨਸ਼ਾ-ਛੁਡਾਊ ਕੇਂਦਰ ਸਥਾਪਿਤ ਕਰਕੇ ਤਸੱਲੀਬਖਸ਼ ਸਰੀਰਕ ਅਤੇ ਮਾਨਸਿਕ ਤੌਰ ਤੇ ਇਲਾਜ ਕਰਨ ਲਈ ਢੁਕਵੇਂ ਪ੍ਰਬੰਧ ਕਰਕੇ ਹੀ ਸਿਹਤਮੰਦ ਕੀਤਾ ਜਾ ਸਕਦਾ ਹੈ। ਮੋਲਡਰ ਐਡ ਸਟੀਲ ਵਰਕਰਜ਼ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਤੇ ਲੋਕ ਸੰਘਰਸ਼ ਕਮੇਟੀ ਜੱਸੋਵਾਲ ਸੂਦਾਂ ਦੇ ਕਾਰਕੁਨ ਜਗਤਾਰ ਸਿੰਘ ਤੇ ਬਲਵੰਤ ਸਿੰਘ ਨੇ ਨਸ਼ਾ ਛੁਡਾਊ ਮੁਹਿੰਮ ਦਾ ੇ ਸਮਰਥਨ ਕਰਦਿਆਂ 6 ਸਤੰਬਰ ਨੂੰ ਡੀਸੀ ਦਫ਼ਤਰ ਅੱਗੇ ਪ੍ਰਦਰਸ਼ਨ ’ਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ।
ਨਸ਼ਿਆਂ ਖ਼ਿਲਾਫ਼ ਕਾਰਵਾਈ ਲਈ ‘ਕਰੋ ਜਾਂ ਮਰੋ’ ਨੀਤੀ ਅਪਣਾਉਣ ਦਾ ਫ਼ੈਸਲਾ
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹੇ ਦੇ ਵੱਡੇ ਪਿੰਡ ਕਾਉਂਕੇ ਕਲਾਂ ਸਮੇਤ ਕਈ ਪਿੰਡਾਂ ’ਚ ਨਸ਼ਾ ਵੇਚਣ ਵਾਲਿਆਂ ਨੂੰ ਵਿਸ਼ੇਸ਼ ਮੁਹਿੰਮ ਤਹਿਤ ਤਾੜਨਾ ਮਗਰੋਂ ਨਸ਼ਿਆਂ ਤੋਂ ਅੱਕੇ ਲੋਕਾਂ ਨੇ ਨਵੇਂ ਐਕਸ਼ਨ ਦਾ ਐਲਾਨ ਕੀਤਾ ਹੈ। ਇਸ ਜਨਤਕ ਮੁੱਦੇ ’ਤੇ ਡੇਢ ਦਰਜਨ ਦੇ ਕਰੀਬ ਜਨਤਕ ਜਥੇਬੰਦੀਆਂ ਇਕ ਮੰਚ ’ਤੇ ਆ ਗਈਆਂ ਹਨ। ਇਨ੍ਹਾਂ ਨਾ ਕੇਵਲ ਨਸ਼ਾ ਵਿਰੋਧੀ ਸਾਂਝਾ ਫਰੰਟ ਮੁੜ ਸੁਰਜੀਤ ਕਰਨ ਦਾ ਐਲਾਨ ਕੀਤਾ ਹੈ, ਸਗੋਂ ਸਰਕਾਰ ਤੇ ਪੁਲੀਸ ਪ੍ਰਸ਼ਾਸਨ ਨੂੰ ਨਸ਼ਿਆਂ ਖ਼ਿਲਾਫ਼ ਠੋਸ ਕਾਰਵਾਈ ਲਈ ਮਜਬੂਰ ਕਰਨ ਲਈ ‘ਕਰੋ ਜਾਂ ਮਰੋ’ ਨੀਤੀ ਅਪਣਾਉਣ ਦਾ ਫ਼ੈਸਲਾ ਲਿਆ ਹੈ। ਜਥੇਬੰਦੀਆਂ ਦੀ ਇਕੱਤਰਤਾ ਨੇ ਸਥਾਨਕ ਸ਼ਹੀਦ ਨਛੱਤਰ ਸਿੰਘ ਯਾਦਗਾਰ ਹਾਲ ’ਚ 24 ਸਤੰਬਰ ਨੂੰ ਨਸ਼ਿਆਂ ਖ਼ਿਲਾਫ਼ ਕਨਵੈਨਸ਼ਨ ਦਾ ਵੀ ਫ਼ੈਸਲਾ ਲਿਆ। ਜਮਹੂਰੀ ਕਿਸਾਨ ਸਭਾ ਦੇ ਆਗੂ ਗੁਰਮੇਲ ਸਿੰਘ ਰੂਮੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਲੰਮੀ ਵਿਚਾਰ ਚਰਚਾ ਉਪਰੰਤ ਸਪੱਸ਼ਟ ਕੀਤਾ ਗਿਆ ਕਿ ਪਿਛਲੇ ਸਮੇਂ ’ਚ ਕਿਸੇ ਵੀ ਹਕੂਮਤ ਨੇ ਨਸ਼ਿਆਂ ਦੇ ਮਾਰੂ ਹੱਲੇ ਨੂੰ ਰੋਕਣਾ ਨਹੀਂ ਚਾਹਿਆ। ਪੂੰਜੀ ਦੇ ਰਾਜ ’ਚ ਜਵਾਨੀ ਨੂੰ ਨਸ਼ਿਆਂ ਦੀ ਚਾਟ ’ਤੇ ਲਾ ਕੇ ਉਨ੍ਹਾਂ ਦਾ ਬਾਗੀ ਕਣ ਮਾਰਨ ਲਈ ਇਕ ਸਾਜਿਸ਼ ਤਹਿਤ ਜਵਾਨੀ ਨੂੰ ਨਸ਼ਿਆਂ ਦੀ ਦਲਦਲ ’ਚ ਸੁੱਟਿਆ ਜਾ ਰਿਹਾ ਹੈ। ਇਸ ਅਤਿਅੰਤ ਨਾਜ਼ੁਕ ਹਾਲਤ ਲਈ ਸਰਕਾਰ, ਨਸ਼ਾ ਤਸਕਰ ਤੇ ਪੁਲੀਸ ਦਾ ਗੱਠਜੋੜ ਕਥਿਤ ਜ਼ਿੰਮੇਵਾਰ ਹੈ। ਇਸ ਮੌਕੇ ਨੁਮਾਇੰਦਿਆ ਨੇ ਮੈਡੀਕਲ ਸਟੋਰਾਂ ’ਤੇ ਵਿਕਦੀਆਂ ਨਸ਼ਿਆਂ ਦੀਆਂ ਗੋਲੀਆਂ ’ਤੇ ਪਾਬੰਦੀ ਲਗਾਉਣ ਦੀ ਪ੍ਰਸਾਸ਼ਨ ਤੋਂ ਜ਼ੋਰਦਾਰ ਮੰਗ ਕੀਤੀ। ਮੀਟਿੰਗ ਨੇ ਹਰ ਤਰ੍ਹਾਂ ਦੇ ਨਸ਼ਿਆਂ ਵਿਸ਼ੇਸ਼ਕਰ ਚਿੱਟੇ ਖ਼ਿਲਾਫ਼ ਪਿੰਡਾਂ ’ਚ ਜ਼ੋਰਦਾਰ ਪ੍ਰਚਾਰ ਅਤੇ ਵਿਰੋਧ ਮੁਹਿੰਮ ਚਲਾਉਣ ਦਾ ਫ਼ੈਸਲਾ ਕੀਤਾ। ਇਸ ਸਬੰਧੀ ਅਗਲੀ ਰਣਨੀਤੀ ਉਲੀਕਣ ਅਤੇ ਇਸ ਗੰਭੀਰ ਮੁੱਦੇ ’ਤੇ ਮਾਹਿਰ ਵਿਦਵਾਨਾਂ ਦੇ ਵਿਚਾਰ ਸੁਨਣ ਲਈ 24 ਸਤੰਬਰ ਨੂੰ ਟਰੱਕ ਯੂਨੀਅਨ ਕੰਪਲੈਕਸ ਵਿੱਚ ਕਨਵੈਨਸ਼ਨ ਰੱਖੀ ਗਈ ਹੈ।
ਕਿਸਾਨ ਯੂਨੀਅਨ ਵਿੱਚ ਨਸ਼ਾ ਵਿਰੋਧੀ ਮੁਹਿੰਮ ਤਹਿਤ ਪਿੰਡਾਂ ’ਚ ਲਾਮਬੰਦੀ
ਪਾਇਲ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋ ਮਲੌਦ ਬਲਾਕ ਦੇ ਪਿੰਡਾਂ ਚੋਮੋ, ਉਕਸੀ, ਦੁਧਾਲ, ਰੱਬੋਂ ਉੱਚੀ ਅਤੇ ਦੌਲਤਪੁਰ ਵਿੱਚ ਮੀਟਿੰਗਾਂ ਦੌਰਾਨ ਲੋਕਾਂ ਨੂੰ ਵੱਧ ਰਹੇ ਸਿੰਥੈਟਿਕ ਨਸ਼ਿਆਂ ਦੇ ਰੁਝਾਨ ਨੂੰ ਖਤਮ ਲਈ ਲਾਮਬੰਦੀ ਕੀਤੀ ਗਈ। ਕਿਸਾਨ ਆਗੂਆਂ ਬਲਵੰਤ ਸਿੰਘ ਘੁਡਾਣੀ, ਦਵਿੰਦਰ ਸਿੰਘ ਸਿਰਥਲਾ, ਲਖਵਿੰਦਰ ਸਿੰਘ ਉਕਸੀ, ਰਾਜਪਾਲ ਸਿੰਘ ਦੁਧਾਲ ਨੇ ਕਿਹਾ ਕਿ ਪੁਲੀਸ ਸਮੱਗਲਰਾਂ, ਸਿਆਸਤਦਾਨਾਂ ਅਤੇ ਨਸ਼ਿਆਂ ਵਿੱਚ ਨੌਜਵਾਨੀ ਦੇ ਜਕੜਨ ਲਈ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਨਸ਼ੇ ਵਰਤਣ ਵਾਲਿਆਂ ਨੂੰ ਮਾਨਸਿਕ ਰੋਗੀ ਸਮਝਣ ਅਤੇ ਉਨ੍ਹਾਂ ਦੇ ਇਲਾਜ ਲਈ ਨਸ਼ਾ ਛੁਡਾਊ ਕੇਂਦਰਾਂ ਦਾ ਪ੍ਰਬੰਧ ਕਰਨ ਦੀ ਮੰਗ ਨੂੰ ਜੋਰ ਨਾਲ ਉਭਾਰਿਆ। ਆਗੂਆਂ ਨੇ ਨਸ਼ਿਆਂ ਵਿਰੁੱਧ ਆਰੰਭੀ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ 4 ਸਤੰਬਰ ਨੂੰ ਬਲਾਕ ਦੇ ਪਿੰਡਾਂ ਵਿੱਚ ਝੰਡਾ ਮਾਰਚ ਕੀਤਾ ਜਾ ਰਿਹਾ ਹੈ। ਅਤੇ 6 ਸਤੰਬਰ ਨੂੰ ਲੁਧਿਆਣੇ ਮੁਜ਼ਾਹਰੇ ‘ਚ ਸਮੂਲੀਅਤ ਕਰਨ ਦੀ ਅਪੀਲ ਕੀਤੀ। ਮੀਟਿੰਗਾਂ ਵਿੱਚ ਜੁੜੇ ਲੋਕਾਂ ਨੇ ਅਗਲੇ ਐਕਸ਼ਨਾਂ ਵਿੱਚ ਵਧ ਚੜ੍ਹਕੇ ਸ਼ਮੂਲੀਅਤ ਕਰਨ ਦਾ ਵਿਸਵਾਸ਼ ਦਿਵਾਇਆ।