ਖੇਤਰੀ ਪ੍ਰਤੀਨਿਧ
ਲੁਧਿਆਣਾ, 6 ਫਰਵਰੀ
ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੀ ਮੀਟਿੰਗ ਸਥਾਨਕ ਪੰਜਾਬੀ ਭਵਨ ਵਿਚ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਪ੍ਰਧਾਨ ਪਵਨ ਹਰਚੰਦਪੁਰੀ ਨੇ ਕੀਤੀ। ਜਨਰਲ ਸਕੱਤਰ ਪ੍ਰੋ. ਸੰਧੂ ਵਰਿਆਣਵੀ ਨੇ ਕਿਹਾ ਕਿ 21 ਫਰਵਰੀ ਨੂੰ ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਮਾਂ ਬੋਲੀ ਪੰਜਾਬੀ ਪ੍ਰਤੀ ਅਵੇਸਲੀਆਂ ਹੋਈਆਂ ਸਰਕਾਰਾਂ, ਅਧਿਕਾਰੀਆਂ ਅਤੇ ਸਕੂਲਾਂ ਵਾਲਿਆਂ ਦੇ ਨਾਲ ਨਾਲ ਪੰਜਾਬੀ ਤੋਂ ਅਵੇਸਲੇ ਹੋਏ ਲੋਕਾਂ ਨੂੰ ਜਗਾਉਣ ਲਈ ਸ਼ਾਂਤਮਈ ਰੈਲੀਆਂ ਕੱਢੀਆਂ ਜਾਣ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਉਕਤ ਤੋਂ ਇਲਾਵਾ ਡਾ. ਜੋਗਿੰਦਰ ਸਿੰਘ ਨਿਰਾਲਾ, ਡਾ. ਗੁਰਚਰਨ ਕੌਰ ਕੋਚਰ, ਡਾ. ਸ਼ਿੰਦਰਪਾਲ ਸਿੰਘ ਸ਼ਾਮਿਲ ਸਨ। ਹਰਚੰਦਪੁਰੀ ਨੇ ਦੱਸਿਆ ਕਿ ਭਾਰਤ ਦੇ ਵੱਖ- ਵੱਖ ਸੂਬਿਆਂ ਅੰਦਰ ਪੰਜਾਬੀ ਨੂੰ ਬਣਦੀ ਥਾਂ ਨਾ ਮਿਲਣ ਕਾਰਣ, ਦੂਜੀ ਭਾਸ਼ਾ ਵਜੋਂ ਪੰਜਾਬੀ ਭਾਸ਼ਾ ਲਾਗੂ ਨਾ ਕਰਨ ਕਾਰਨ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਘਟ ਰਹੀ ਹੈ। ਪਹਿਲੀਆਂ ਸਰਕਾਰਾਂ ਵਾਂਗ ਮੌਜੂਦਾ ਪੰਜਾਬ ਸਰਕਾਰ ਵੀ ਬੜੇ ਸਾਰਥਿਕ ਯਤਨਾਂ ਤੋਂ ਬਾਅਦ ਵੀ ਕੇਂਦਰੀ ਸਭਾ ਨਾਲ ਕਈ ਮੁੱਦਿਆਂ ਉੱਤੇ ਗੱਲਬਾਤ ਕਰਨ ਲਈ ਤਿਆਰ ਨਹੀਂ ਹੈ। ਉਨ੍ਹਾਂ ਸਭਾ ਨਾਲ ਸਬੰਧਤ ਦੇਸ਼ ਭਰ (ਪੰਜਾਬ, ਹਰਿਆਣਾ, ਦਿੱਲੀ) ਦੀਆਂ ਇਕਾਈਆਂ ਅਤੇ ਬਾਕੀ ਰਾਜ ਪ੍ਰਮੁੱਖਾਂ ਨੂੰ ਅਪੀਲ ਕਰਦਿਆਂ ਕਿਹਾ ਕਿ 21 ਫਰਵਰੀ ਕੌਮਾਂਤਰੀ ਮਾਂ- ਬੋਲੀ ਵਾਲੇ ਦਿਨ ਸ਼ਾਮ 3 ਵਜੇ ਤੋਂ 6 ਵਜੇ ਤੱਕ ਸ਼ਾਂਤਮਈ ਢੰਗ ਨਾਲ ਢੋਲ ਵਜਾ ਕੇ, ਹੱਥਾਂ ਵਿੱਚ ਬੈਨਰ ਤੇ ਤਖਤੀਆਂ ਲੈ ਕੇ, ਨਾਅਰੇ ਲਾਉਂਦਿਆਂ ਪੰਜਾਬ ਸਰਕਾਰ, ਕੇਂਦਰੀ ਸਰਕਾਰ ਅਤੇ ਪੰਜਾਬੀ ਭਾਸ਼ਾ ਪ੍ਰਤੀ ਅਵੇਸਲੇ ਪੰਜਾਬੀਆਂ ਨੂੰ ਪਿੰਡਾਂ ਅਤੇ ਸ਼ਹਿਰਾਂ ਅੰਦਰ ਮਾਰਚ ਰੂਪ ਵਿੱਚ ਜਗਾਉਣ ਦਾ ਪ੍ਰਬੰਧ ਕੀਤਾ ਜਾਵੇ। ਇਸ ਤਹਿਤ ਨੁੱਕੜ ਨਾਟਕਾਂ, ਨਾਟਕਾਂ , ਕਵੀਸ਼ਰਾਂ, ਢਾਡੀਆਂ, ਭੰਡਾਂ ਦਾ ਅਤੇ ਗੀਤਕਾਰਾਂ ਨੂੰ ਸੁਵਿਧਾ ਮੁਤਾਬਿਕ ਸ਼ਾਮਿਲ ਕੀਤਾ ਜਾਵੇ। ਮੀਟਿੰਗ ਵਿੱਚ ਡਾ. ਗੁਰਜੰਟ ਸਿੰਘ (ਪ੍ਰਿੰਸੀਪਲ ), ਡਾ. ਭਗਵੰਤ ਸਿੰਘ, ਡਾ. ਹਰਜੀਤ ਸਿੰਘ ਸੱਧਰ, ਡਾ. ਕੰਵਰ ਜਸਵਿੰਦਰਪਾਲ ਸਿੰਘ, ਡਾ. ਬਲਦੇਵ ਸਿੰਘ, ਜਗਦੀਸ਼ ਰਾਏ ਕੁੱਲਰੀਆ, ਦਰਸ਼ਨ ਸਿੰਘ ਪ੍ਰੀਤੀਮਾਨ, ਗੁਰਚਰਨ ਸਿੰਘ ਢੁੱਡੀਕੇ, ਜੁਗਰਾਜ ਸਿੰਘ ਧੌਲਾ, ਹਰੀ ਸਿੰਘ ਢੁਡੀਕੇ, ਗੁਲਜ਼ਾਰ ਸਿੰਘ ਸ਼ੌਂਕੀ, ਜਗਦੀਸ਼ ਰਾਣਾ ਆਦਿ ਨੇ ਭਾਗ ਲਿਆ।