ਨਿੱਜੀ ਪੱਤਰ ਪ੍ਰੇਰਕ
ਖੰਨਾ, 12 ਜੁਲਾਈ
ਇਥੋਂ ਦੀ ਨਗਰ ਕੌਂਸਲ ਦੀ ਮੀਟਿੰਗ ’ਚ ਅੱਜ ਸ਼ਹਿਰ ਦੀ ਬਦ ਤੋਂ ਬਦਤਰ ਸਫ਼ਾਈ ਵਿਵਸਥਾ ਤੇ ਸੀਵਰੇਜ ਸਮੱਸਿਆ ਨੂੰ ਲੈ ਕੇ ਹੰਗਾਮਾ ਹੋਇਆ। ਮੀਟਿੰਗ ’ਚ ਮੌਜੂਦ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਤੇ ਕੌਂਸਲਰਾਂ ਨੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਤੋਂ ਜਵਾਬਤਲਬੀ ਦੀ ਮੰਗ ਕੀਤੀ। ਕੌਂਸਲਰਾਂ ਨੇ ਇਕ ਮਤ ਹੋ ਕੇ ਨਾਜਾਇਜ਼ ਕਲੋਨੀਆਂ ’ਚ ਸੀਵਰੇਜ ਪਾਉਣ ਦੇ ਦੋਸ਼ ਬੋਰਡ ਦੇ ਅਧਿਕਾਰੀਆਂ ’ਤੇ ਲਾਏ। ਇਸ ਦੇ ਨਾਲ ਹੀ ਸਫ਼ਾਈ ਕਰਮਚਾਰੀਆਂ ਦੀ ਜਾਅਲੀ ਭਰਤੀ ਹੋਣ ਦੇ ਦੋਸ਼ ਲਗਾਉਂਦੇ, ਇਸ ਦੀ ਜਾਂਚ ਦੀ ਮੰਗ ਕੀਤੀ। ਮੀਟਿੰਗ ’ਚ 20 ਮਤੇ ਲਿਆਂਦੇ ਗਏ, ਕੁਝ ਮਤਿਆਂ ਨੂੰ ਛੱਡ ਕੇ ਬਾਕੀਆਂ ਤੇ ਖੂਬ ਹੰਗਾਮਾ ਹੋਇਆ। ਅਕਾਲੀ ਕੌਂਸਲਰਾਂ ਸਰਬਦੀਪ ਸਿੰਘ ਕਾਲੀਰਾਓ ਅਤੇ ਪਰਮਪ੍ਰੀਤ ਸਿੰਘ ਪੌਂਪੀ ਨੇ 5 ਮਤਿਆ ਤੇ ਡਿਸੈਡਿੰਗ ਨੋਟ ਦਿੱਤੇ। ਮੀਟਿੰਗ ’ਚ ਪਹਿਲੀ ਵਾਰ ਸ਼ਾਮਲ ਹੋਏ ਵਿਧਾਇਕ ਸੌਂਦ ਨੇ ਕੌਂਸਲਰਾਂ ਨੂੰ ਸ਼ਹਿਰ ਦੀ ਬਿਹਤਰੀ, ਤਰੱਕੀ ਤੇ ਵਿਕਾਸ ਲਈ ਰਲ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ। ਅਕਾਲੀ ਕੌਂਸਲਰਾਂ ਜਸਦੀਪ ਕੌਰ ਯਾਦੂ, ਰੂਬੀ ਭਾਟੀਆ, ਰੀਟਾ ਰਾਣੀ ਨੇ ਸ਼ਹਿਰ ’ਚ ਮਾੜੀ ਸੀਵਰੇਜ ਸਮੱਸਿਆ ਦਾ ਹੱਲ ਕਰਨ ਲਈ ਕਿਹਾ ਕਿ ਤੇ ਦੋਸ਼ ਲਾਏ ਕਿ ਉਨ੍ਹਾਂ ਸਮੇਂ ਸ਼ਹਿਰ ਦੇ 33 ਵਾਰਡਾਂ ਵਿਚ ਸੀਵਰੇਜ ਦਾ ਮਾੜਾ ਹਾਲ ਹੈ। ਇਸ ਮੌਕੇ ਮਤਾ ਨੰਬਰ-13 ’ਚ ਅਮਲੋਹ ਚੌਕ ਦਾ ਨਾਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਸਾਹਿਬ ਦੇ ਨਾਂ ’ਤੇ ਰੱਖਣ ਦਾ ਮਤਾ ਪਾਸ ਕੀਤਾ ਗਿਆ ਤਾਂ ਕੌਂਸਲਰ ਰੂਬੀ ਭਾਟੀਆ ਨੇ ਮਲੇਰਕੋਟਲਾ ਚੌਕ ਦਾ ਨਾਂ ਭਗਤ ਪੂਰਨ ਸਿੰਘ ਦੇ ਨਾਂ ’ਤੇ ਰੱਖਣ ਦਾ ਮਤਾ ਹਾਊਸ ਵਿਚ ਲਿਆਂਦਾ ਤਾਂ ਸਮੂਹ ਕੌਂਸਲਰਾਂ ਨੇ ਪ੍ਰਵਾਨਗੀ ਦਿੱਤੀ। ਜ਼ਿਕਰਯੋਗ ਹੈ ਕਿ ਭਗਤ ਪੂਰਨ ਸਿੰਘ ਦਾ ਪਿੰਡ ਰਾਜੇਵਾਲ ਹੈ, ਜਿਸ ਲਈ ਮਾਲੇਰਕੋਟਲਾ ਨੂੰ ਜਾਂਦੀ ਰੋਡ ਤੋਂ ਹੀ ਜਾਣਾ ਪੈਂਦਾ ਹੈ। ਇਸ ਕਾਰਨ ਇਸ ਚੌਕ ਦਾ ਨਾਂ ਭਗਤ ਪੂਰਨ ਸਿੰਘ ਦੇ ਨਾਂ ’ਤੇ ਰੱਖਣ ਦਾ ਸੁਝਾਅ ਦਿੱਤਾ ਗਿਆ। ਕੌਂਸਲਰ ਤਲਵਿੰਦਰ ਕੌਰ ਰੋਸ਼ਾ ਨੇ ਜੀਟੀਬੀ ਮਾਰਕੀਟ ਵਿਚ ਲੱਗਦੀਆਂ ਰੇਹੜੀਆਂ ਤੋਂ ਨਾਜਾਇਜ਼ ਵਸੂਲੀ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਮਾਰਕੀਟ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।