ਪੱਤਰ ਪ੍ਰੇਰਕ
ਪਾਇਲ, 3 ਦਸੰਬਰ
ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸੜੂ ਵਿੱਚ 21ਵੀਂ ਸਾਲਾਨਾ ਸਪੋਰਟਸ ਮੀਟ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਇਸ ਅਥਲੈਟਿਕ ਮੀਟ ਤੇ ਸੱਭਿਆਚਾਰਕ ਸਮਾਗਮ ਦਾ ਆਗਾਜ਼ ਮੁੱਖ ਮਹਿਮਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤਾ। ਸਭ ਤੋਂ ਪਹਿਲਾਂ ਨਨਕਾਣਾ ਸਾਹਿਬ ਸਕੂਲ ਦੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਵੱਲੋਂ ਸ਼ਬਦ ਗਾਇਨ ਕੀਤਾ ਅਤੇ ਮਾਰਚ ਪਾਸਟ ਵਿੱਚ ਭਾਗ ਲਿਆ। ਇਸ ਮੌਕੇ ਨਰਸਰੀ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਦੌੜਾਂ, ਖੋ-ਖੋ, ਵਾਲੀਵਾਲ, ਕਬੱਡੀ, ਲੰਬੀ ਛਾਲ, ਸ਼ਾਟ-ਪੁੱਟ, ਡਿਸਕਸ ਅਤੇ ਜੈਵਲਿਨ ਥਰੋਅ, ਰੱਸਾਕਸ਼ੀ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਸੱਭਿਆਚਾਰਕ ਤੇ ਧਾਰਮਿਕ ਪ੍ਰੋਗਰਾਮ ਵਿੱਚ ਨਨਕਾਣਵੀਆਂ ਨੇ ਗੱਤਕਾ, ਕਵੀਸ਼ਰੀ, ਵਾਰ, ਪੰਜਾਬੀ ਲੋਕ ਗੀਤਾਂ ਤੇ ਭੰਗੜਾ, ਲੁੱਡੀ ਅਤੇ ਮਲਵਈ ਗਿੱਧਾ ਪੇਸ਼ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਪ੍ਰਬੰਧਕ ਕਮੇਟੀ ਤੇ ਸਟਾਫ ਵੱਲੋਂ ਅਕਾਦਮਿਕ ਖੇਤਰ ਵਿੱਚ ਪਹਿਲੀਆਂ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਅਤੇ ਸਪੋਰਟਸ ਮੀਟ ਵਿੱਚ ਜੇਤੂ ਨਨਕਾਣਾ ਸਾਹਿਬ ਸਕੂਲ ਦੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ।
ਇਸ ਮੌਕੇ ਹੱਥੀਂ ਤਿਆਰ ਕੀਤੀਆਂ ਵਸਤਾਂ, ਭੋਜਨ ਤੇ ਪੇਟਿੰਗਜ਼, ਸਾਇੰਸ ਤੇ ਗਣਿਤ ਦੇ ਮਾਡਲ ਅਤੇ ਧਾਰਮਿਕ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਸਮਾਗਮ ਵਿੱਚ ਅਜਮੇਰ ਸਿੰਘ ਲੱਖੋਵਾਲ, ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ, ਡਾਇਰੈਕਟਰ ਇੰਦਰਪਾਲ ਸਿੰਘ ਚੱਢਾ, ਸਕੱਤਰ ਦਵਿੰਦਰ ਸਿੰਘ ਖੱਟੜਾ, ਗੁਰਮੀਤ ਸਿੰਘ ਸਾਬਕਾ ਸਰਪੰਚ ਈਸੜੂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਪ੍ਰਿੰਸੀਪਲ ਨੇਹਾ ਢੱਲ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ।