ਖੇਤਰੀ ਪ੍ਰਤੀਨਿਧ
ਲੁਧਿਆਣਾ, 28 ਜੂਨ
ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਮਿੱਡ-ਡੇਅ ਮੀਲ ਵਰਕਰ ਯੂਨੀਅਨ ਵੱਲੋਂ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਲੀਲ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਵਿੰਦਰ ਕੌਰ ਨੂੰ ਮੰਗ ਪੱਤਰ ਰਾਹੀਂ ਵਰਕਰਾਂ ਨੂੰ ਸਕੂਲਾਂ ਅੰਦਰ ਆ ਰਹੀਆਂ ਮੁਸਕਲਾਂ ਤੋਂ ਜਾਣੂ ਕਰਵਾਇਆ ਗਿਆ। ਇਸ ਵਫ਼ਦ ਵਿੱਚ ਡੀਐੱਮਐਫ ਦੇ ਜ਼ਿਲ੍ਹਾ ਜਨਰਲ ਸਕੱਤਰ ਰਮਨਜੀਤ ਸਿੰਘ ਸੰਧੂ ਤੋਂ ਇਲਾਵਾ ਮਿੱਡ-ਡੇਅ ਮੀਲ ਯੂਨੀਅਨ ਦੇ ਆਗੂ ਪਰਮਜੀਤ ਕੌਰ, ਵਿੱਦਿਆਵਤੀ, ਮਨਜੀਤ ਕੌਰ, ਗੁਰਮੀਤ ਕੌਰ, ਸੁਸ਼ੀਲਾ, ਕੁਲਦੀਪ ਕੌਰ ਆਦਿ ਸ਼ਾਮਲ ਸਨ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਮਿਡ-ਡੇਅ ਮੀਲ ਵਰਕਰਾਂ ਦੀਆਂ ਮੁਸ਼ਕਲਾਂ ਨੂੰ ਬੜੇ ਧਿਆਨ ਨਾਲ ਸੁਣਦਿਆਂ ਜਲਦੀ ਹੱਲ ਕਰਨ ਲਈ ਵਿਸ਼ਵਾਸ ਦਿਵਾਇਆ। ਸਿਖਿਆ ਅਧਿਕਾਰੀ ਨੇ ਕਿਹਾ ਕਿ ਮਿਡ ਡੇਅ ਮੀਲ ਕੁੱਕਾਂ ਨੂੰ ਖਾਣੇ ਤੋਂ ਇਲਾਵਾ ਲਏ ਜਾਂਦੇ ਵਾਧੂ ਕੰਮਾਂ, ਵਰਕਰਾਂ ਨੂੰ ਪ੍ਰਸੂਤਾ ਛੁੱਟੀ ਦੇਣ, ਤਨਖਾਹਾਂ ਜਾਰੀ ਕਰਨ, ਨਵੇਂ ਭਰਤੀ ਕੁੱਕ ਦਾ ਬੀਮਾ ਕਰਵਾਉਣਾ ਆਦਿ ਮੰਗਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।