ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 5 ਜੁਲਾਈ
ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਕਮੇਟੀ ਦੇ ਇੱਕ ਵਫ਼ਦ ਨੇ ਅੱਜ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਕਾਉਂਕੇ ਕਲਾਂ ਦੀ ਅਗਵਾਈ ਵਿੱਚ ਆਈਜੀ ਲੁਧਿਆਣਾ ਰੇਂਜ ਨਾਲ ਮੁਲਾਕਾਤ ਕਰਕੇ ਜ਼ਿਲ੍ਹੇ ਦੇ ਸਭ ਤੋਂ ਵੱਡੇ ਪਿੰਡ ਕਾਉਂਕੇ ਕਲਾਂ ਵਿੱਚ ਕਥਿਤ ਪੁਲੀਸ-ਸਿਆਸੀ ਗੱਠਜੋੜ ਤੋਂ ਪੀੜਤ ਇੱਕ ਕਿਸਾਨ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ ਹੈ। ਵਫ਼ਦ ਵਿੱਚ ਸ਼ਾਮਲ ਸੂਬਾ ਪ੍ਰਧਾਨ ਹਰਦੇਵ ਸਿੰਘ ਸੰਧੂ ਨੇ ਦੱਸਿਆ ਕਿ ਪਿੰਡ ਕਾਉਂਕੇ ਕਲਾਂ ਵਿੱਚ ਸ਼ੇਰ ਸਿੰਘ ਨਾਮ ਦੇ ਕਿਸਾਨ ਦੀ ਪਿੰਡ ਵਿੱਚ ਹੀ ਇੱਕ ਗੈਂਗ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕਰਕੇ ਨਗਦੀ ਲੁੱਟੀ ਗਈ। ਜ਼ਖ਼ਮੀ ਸ਼ੇਰ ਸਿੰਘ ਹਸਪਤਾਲ ’ਚ ਦਾਖਲ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਹਮਲਾਵਰਾਂ ’ਤੇ ਕੋਈ ਕਾਰਵਾਈ ਕਰਨ ਦੀ ਥਾਂ ਸਿਆਸੀ ਦਖਲਅੰਦਾਜ਼ੀ ਕਾਰਨ ਸ਼ੇਰ ਸਿੰਘ ਦੇ ਪਰਿਵਾਰ ਨੂੰ ਹੀ ਕਥਿਤ ਡਰਾਇਆ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਐੱਫ਼ਆਈਆਰ ਤਾਂ ਦਰਜ ਕਰ ਲਈ ਹੈ ਪਰ ਉਸ ਵਿੱਚ ਵੀ ਮੁਲਜ਼ਮਾਂ ਦਾ ਪੱਖ ਪੂਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਮੁਲਜ਼ਮਾਂ ਦੇ ਨਾਲ ਨਾਲ ਪੱਖਪਾਤ ਕਰਨ ਵਾਲੇ ਚੌਕੀ ਇੰਚਾਰਜ ਵਿਰੁੱਧ ਵੀ ਕਾਰਵਾਈ ਕੀਤੀ ਜਾਵੇ। ਪੁਲੀਸ ਅਧਿਕਾਰੀ ਨੇ ਵਫ਼ਦ ਨੂੰ ਸੁਣ ਕੇ ਐੱਸਪੀ (ਹੈਡਕੁਆਰਟਰ) ਜਗਰਾਉਂ ਨੂੰ ਮਾਮਲੇ ’ਚ ਕਾਰਵਾਈ ਕਰਨ ਦੀ ਲਿਖਤੀ ਹਦਾਇਤ ਕੀਤੀ ਹੈ।