ਪੱਤਰ ਪ੍ਰੇਰਕ
ਜਗਰਾਉਂ, 6 ਅਕਤੂਬਰ
ਨੰਬਰਦਾਰਾਂ ਦਾ ਵਫ਼ਦ ਪੰਜਾਬ ਨੰਬਰਦਾਰਾ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗਾਲਬਿ ਦੀ ਅਗਵਾਈ ਹੇਠ ਨਵੇਂ ਮਾਲ ਮੰਤਰੀ ਅਰੁਣਾ ਚੌਧਰੀ ਨੂੰ ਮਿਲਿਆ। ਵਫ਼ਦ ਨੇ ਅਰੁਣਾ ਚੌਧਰੀ ਨੂੰ ਨੰਬਰਦਾਰਾਂ ਦੀਆਂ ਲਟਕ ਰਹੀਆਂ ਮੰਗਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਨੰਬਰਦਾਰਾਂ ਦੀਆਂ ਮੁੱਖ ਮੰਗਾਂ ਵਿੱਚ ਨੰਬਰਦਾਰੀ ਨੂੰ ਜੱਦੀ-ਪੁਸ਼ਤੀ ਕਰਨਾ, ਮਾਣਭੱਤਾ ਵਧਾ ਕੇ 5 ਹਜ਼ਾਰ ਰੁਪਏ ਕਰਨਾ, 5 ਲੱਖ ਰੁਪਏ ਦਾ ਸਿਹਤ ਬੀਮਾ, ਮੁਫ਼ਤ ਬੱਸ ਪਾਸ ਤੇ ਟੈਕਸ ਦੀ ਸੁਵਿਧਾ, ਜ਼ਿਲ੍ਹਾ ਸ਼ਿਕਾਇਤ ਕਮੇਟੀਆਂ ਵਿੱਚ ਨੁਮਾਇੰਦਗੀ ਦੇਣਾ, ਤਹਿਸੀਲਾਂ ਅਤੇ ਜ਼ਿਲਾ ਪੱਧਰ ਤੇ ਦਫ਼ਤਰ ਬਣਾਉਣ ਆਦਿ ਸ਼ਾਮਲ ਹਨ। ਸ੍ਰੀਮਤੀ ਅਰੁਣਾ ਚੌਧਰੀ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਹ ਮੁੱਖ ਮੰਤਰੀ ਨਾਲ ਗੱਲ ਕਰ ਕੇ ਉਨ੍ਹਾਂ ਦੀਆਂ ਮੰਗਾਂ ਜਲਦੀ ਪੂਰੀਆਂ ਕਰਵਾਉਣਗੇ। ਇਸ ਸਮੇਂ ਸੂਬਾ ਜਨਰਲ ਸਕੱਤਰ ਆਲਮਜੀਤ ਸਿੰਘ ਚਕੋਹੀ, ਜਗਜੀਤ ਸਿੰਘ ਖਾਈ, ਮਹਿੰਦਰ ਸਿੰਘ ਤੂਰ ਜ਼ਿਲਾ ਪ੍ਰਧਾਨ ਸੰਗਰੂਰ, ਸੂਬਾ ਖ਼ਜ਼ਾਨਚੀ ਰਣਜੀਤ ਸਿੰਘ ਚਾਂਗਲੀ, ਬਲਵੀਰ ਸਿੰਘ ਜ਼ਿਲ੍ਹਾ ਪ੍ਰਧਾਨ ਮਲੇਰਕੋਟਲਾ, ਹਰਨੇਕ ਸਿੰਘ ਪ੍ਰਧਾਨ ਜਗਰਾਉਂ ਹਾਜ਼ਰ ਸਨ।