ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 13 ਮਈ
ਦੁਕਾਨਾਂ ਅੱਗੋਂ ਰੇਹੜੀ ਫੜ੍ਹੀ ਵਾਲਿਆਂ ਨੂੰ ‘ਸੁਚਾਰੂ ਟਰੈਫਿਕ’ ਲਈ ਸੜਕਾਂ ਤੋਂ ਹਟਾਉਣ ਦੀ ਤਿਆਰੀ ਦੇ ਡਰੋਂ ਇਹ ਤਬਕਾ ਵੀ ਹੱਥ-ਪੈਰ ਮਾਰਨ ਲੱਗਾ ਹੈ। ਇਨ੍ਹਾਂ ਦੀ ਜਥੇਬੰਦੀ ਦਾ ਸੂਬਾ ਪ੍ਰਧਾਨ ਟਾਈਗਰ ਸਿੰਘ ਜਗਰਾਉਂ ਆਇਆ। ਸਭ ਤੋਂ ਪਹਿਲਾਂ ਰੇਹੜੀ-ਫੜ੍ਹੀ ਵਾਲਿਆਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਤੇ ਮੰਗਾਂ ਬਾਰੇ ਚਰਚਾ ਕੀਤੀ ਗਈ। ਉਪਰੰਤ ਉਨ੍ਹਾਂ ਦੀ ਅਗਵਾਈ ’ਚ ਵਫ਼ਦ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਅਤੇ ਕਾਰਜਸਾਧਕ ਅਫ਼ਸਰ ਨੂੰ ਵੀ ਮਿਲਿਆ। ਵਿਧਾਇਕ ਪਾਸੋਂ ਵਫ਼ਦ ਨੇ ਮੰਗ ਕੀਤੀ ਕਿ ਸ਼ਹਿਰ ’ਚ ਰੇਹੜੀਆਂ ਤੇ ਫੜ੍ਹੀਆਂ ਲਈ ਤੈਅ ਕੀਤੀਆਂ ਚਾਰ ਥਾਵਾਂ ਹਾਲੇ ਤੱਕ ਅਲਾਟ ਨਹੀਂ ਹੋਈਆਂ। ਇਸ ਕੰਮ ਲਈ ਰੇਹੜੀ ਵਾਲਿਆਂ ਤੋਂ ਰਕਮ ਵੀ ਜਮ੍ਹਾਂ ਕਰਵਾਈ ਹੋਈ ਹੈ। ਉਨ੍ਹਾਂ ਕਿਹਾ ਕਿ ਬਦਲਵਾਂ ਪ੍ਰਬੰਧ ਕੀਤੇ ਬਿਨਾਂ ਰੋਜ਼ਾਨਾ ਕਮਾ ਕੇ ਖਾਣ ਵਾਲੇ ਇਸ ਤਬਕੇ ਨੂੰ ਉਜਾੜਨ ਤੋਂ ਸਰਕਾਰ ਪਰਹੇਜ਼ ਕਰੇ। ਇਸ ਸਮੇਂ ਰੇਹੜੀ ਫੜ੍ਹੀ ਯੂਨੀਅਨ ਦੇ ਚੇਅਰਮੈਨ ਸਾਜਿਦ ਅਲੀ, ਪ੍ਰਧਾਨ ਬਲਬੀਰ ਸਿੰਘ ਬੀਰਾ, ਸਵਰਨ ਕੁਮਾਰ ਆਦਿ ਹਾਜ਼ਰ ਸਨ।
ਵਿਧਾਇਕਾ ਮਾਣੂੰਕੇ ਨੇ ਵਫ਼ਦ ਨੂੰ ਉਨ੍ਹਾਂ ਦੀਆਂ ਮੁਸ਼ਕਿਲਾਂ ਜਲਦ ਦੂਰ ਕਰਨ ਲਈ ਦਾ ਭਰੋਸਾ ਦਿੱਤਾ। ਈਓ ਨੇ ਰੇਹੜੀ ਫੜ੍ਹੀ ਵਾਲਿਆਂ ਨੂੰ ਮੁੱਢਲੀਆਂ ਸਹੂਲਤਾਂ ਤੇ ਮੰਗਾਂ ਬਾਰੇ ਲਿਖਤ ’ਚ ਦੇਣ ਲਈ ਕਿਹਾ।
ਟਾਈਗਰ ਸਿੰਘ ਨੇ ਕਿਹਾ ਕਿ ਸੜਕਾਂ ਤੋਂ ਰੇਹੜੀਆਂ ਫੜ੍ਹੀਆਂ ਹਟਾਉਣ ਲਈ ਪ੍ਰਸ਼ਾਸਨ ਨੇ ਇੱਕ ਹਫ਼ਤੇ ਦਾ ਅਲਟੀਮੇਟਮ ਦਿੱਤਾ ਹੋਇਆ ਸੀ ਜੋ ਅੱਜ ਸ਼ੁੱਕਰਵਾਰ ਨੂੰ ਖ਼ਤਮ ਹੋ ਗਿਆ। ਟਾਈਗਰ ਸਿੰਘ ਨੇ ਕਿਹਾ ਕਿ ਅਧਿਕਾਰੀਆਂ ਦੀ ਇੱਛਾ ਸ਼ਕਤੀ ਘੱਟ ਹੋਣ ਕਾਰਨ ਸਟਰੀਟ ਵੈਂਡਰ ਐਕਟ 2014 ਲਾਗੂ ਨਹੀਂ ਹੋ ਸਕਿਆ ਹੈ।