ਲੁਧਿਆਣਾ: ਜ਼ਿਲ੍ਹੇ ਦੇ ਸਾਰੇ ਸਰਕਾਰੀ ਹਾਈ ਅਤੇ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਮਾਸਟਰ ਕੇਡਰ ਯੂਨੀਅਨ ਲੁਧਿਆਣਾ ਦੀ ਜ਼ਿਲ੍ਹਾ ਕਾਰਜਕਾਰੀ ਕਮੇਟੀ ਦੇ ਅਹੁਦੇਦਾਰਾਂ ਦਾ ਵਫ਼ਦ ਜ਼ਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ ਜਸਵਿੰਦਰ ਕੌਰ ਨੂੰ ਮਿਲਿਆ। ਯੂਨੀਅਨ ਦੇ ਸਰਪ੍ਰਸਤ ਧਰਮਜੀਤ ਸਿੰਘ ਢਿੱਲੋਂ, ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਸਾਹਨੇਵਾਲ, ਜ਼ਿਲ੍ਹਾ ਸਕੱਤਰ ਮਨਦੀਪ ਸਿੰਘ ਸੇਖੋਂ ਅਤੇ ਬਾਕੀ ਮੈਂਬਰਾਂ ਵੱਲੋਂ ਸਕੂਲ ਵਿਦਿਆਰਥੀਆਂ ਨੂੰ ਰਹਿੰਦੀਆਂ ਕਿਤਾਬਾਂ ਭੇਜਣ, ਸਾਰੇ ਸਕੂਲਾਂ ਵਿੱਚ ਇੰਟਰਨੈੱਟ ਦੀ ਸਹੂਲਤ ਦੇਣ, ਪ੍ਰਾਜੈਕਟਰਾਂ ਅਤੇ ਮੁੱਢਲੇ ਢਾਂਚੇ ਦੀ ਮੁਰੰਮਤ ਲਈ ਫੰਡ ਦੇਣ, ਟਾਈਮ-ਟੇਬਲ ਵਿੱਚ ਲੋੜੀਂਦੀ ਸੋਧ ਕਰਨ ਆਦਿ ਬਾਰੇ ਦੱਸਿਆ। ਇਸ ’ਤੇ ਡੀਈਓ ਜਸਵਿੰਦਰ ਕੌਰ ਨੇ ਯੂੁਨੀਅਨ ਨੂੰ ਸਮੱਸਿਆਵਾਂ ਹੱਲ ਕਰਨ ਦਾ ਯੂਨੀਅਨ ਨੂੰ ਭਰੋਸਾ ਦਿੱਤਾ। -ਖੇਤਰੀ ਪ੍ਰਤੀਨਿਧ