ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 2 ਅਗਸਤ
ਦੇਸ਼ ਭਗਤ ਯਾਦਗਾਰੀ ਸੁਸਾਇਟੀ ਪੰਜਾਬ ਵੱਲੋਂ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦੇ ਕੇ ਆਵਾਰਾ ਪਸ਼ੂਆਂ ਨੂੰ ਸੰਭਾਲਣ ਸਬੰਧੀ ਫੌਰੀ ਕਦਮ ਚੁੱਕਣ ਦੀ ਮੰਗ ਕੀਤੀ ਹੈ। ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਕਰਨਲ ਐੱਚਐੱਸ ਕਾਹਲੋਂ, ਗੁਰਦੇਵ ਸਿੰਘ ਲਾਪਰਾਂ, ਪਵਨ ਗਰਗ, ਤੇਲੂ ਰਾਮ, ਕਰਨੈਲ ਸਿੰਘ ਗਿੱਲ ਅਤੇ ਰੇਸ਼ਮ ਸਿੰਘ ਸੱਗੂ ਨੇ ਮੁਲਾਕਾਤ ਸਮੇਂ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੂੰ ਦੱਸਿਆ ਕਿ ਆਵਾਰਾ ਪਸ਼ੂਆਂ ਕਾਰਨ ਨਿੱਤ ਸੜਕ ਹਾਦਸੇ ਵਾਪਰ ਰਹੇ ਹਨ ਜਿਸ ਵਿੱਚ ਕਈ ਲੋਕ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ ਅਤੇ ਕਈ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਜਾਂਦੇ ਹਨ। ਉਨ੍ਹਾਂ ਮੰਗ ਕੀਤੀ ਕਿ ਆਵਾਰਾ ਪਸ਼ੂਆਂ ਨੂੰ ਸੜਕਾਂ ਤੋਂ ਚੁੱਕਣ ਲਈ ਨਗਰ ਨਿਗਮ ਨੂੰ ਵਾਹਨ ਦਿੱਤੇ ਜਾਣ, ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚਪਸ਼ੂ ਸੰਭਾਲ ਕਮੇਟੀਆਂ ਬਣਾਈਆਂ ਜਾਣ ਅਤੇ ਸਰਕਾਰ ਆਪਣੇ ਪੱਧਰ ’ਤੇ ਪਸ਼ੂਆਂ ਲਈ ਜ਼ਮੀਨ ਦਾ ਪ੍ਰਬੰਧ ਕਰੇ। ਉਨ੍ਹਾਂ ਕਿਹਾ ਕਿ ਗਊ ਸੈੱਸ ਤੋਂ ਮਿਲਣ ਵਾਲਾ ਪੈਸਾ ਪਸ਼ੂਆਂ ਦੀ ਦੇਖਭਾਲ ’ਤੇ ਖਰਚ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਗਊਸ਼ਾਲਾ ਪ੍ਰਬੰਧਕਾਂ ਦੀ ਹਰ ਸੰਭਵ ਮਦਦ ਕਰੇ ਤਾਂ ਜੋ ਉਹ ਪਸ਼ੂਆਂ ਦੀ ਬਿਹਤਰ ਦੇਖਭਾਲ ਕਰ ਸਕਣ।