ਗਗਨਦੀਪ ਅਰੋੜਾ
ਲੁਧਿਆਣਾ, 24 ਜੂਨ
ਸਨਅਤੀ ਸ਼ਹਿਰ ਦੇ ਮਾਡਲ ਟਾਊਨ ਸਥਿਤ ਗੁਲਾਟੀ ਮਾਰਕੀਟ ’ਚ ਸ਼ੁੱਕਰਵਾਰ ਦੀ ਸਵੇਰੇ ਉਸ ਸਮੇਂ ਹਾਹਾਕਾਰ ਮਚ ਗਈ, ਜਦੋਂ ਗਾਰਮੈਂਟਸ ਦੀ ਮਸ਼ਹੂਰ ਦੁਕਾਨ ਲੱਕੀ ਟਾਵਲ ਹਾਊਸ ’ਚ ਅਚਾਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਤੇ ਬਿਲਡਿੰਗ ਨੂੰ ਆਪਣੀ ਲਪੇਟ ’ਚ ਲੈ ਲਿਆ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਸੱਤ ਗੱਡੀਆਂ ਨੇ ਪੁੱਜ ਕੇ ਕਰੀਬ ਇੱਕ ਘੰਟੇ ਦੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਫਿਲਹਾਲ ਅੱਗ ਲੱਗਣ ਦੇ ਕਾਰਨ ਸਪੱਸ਼ਟ ਨਹੀਂ ਹੋਏ। ਅੱਗ ਬੁਝਾਊ ਅਮਲੇ ਦੀ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਗੁਲਾਟੀ ਮਾਰਕੀਟ ’ਚ ਲੱਕੀ ਟਾਵਲ ਹਾਊਸ ਦੀ ਦੁਕਾਨ ਹੈ, ਜਿਸ ’ਚੋਂ ਸਵੇਰੇ ਕਰੀਬ ਪੌਣੇ 11 ਵਜੇ ਅਚਾਨਕ ਧੂੰਆਂ ਨਿਕਲਣ ਲੱਗਿਆ। ਆਸਪਾਸ ਦੇ ਲੋਕਾਂ ਨੇ ਧੂੰਆਂ ਦੇਖ ਕੇ ਦੁਕਾਨ ਮਾਲਕ ਨੂੰ ਫੋਨ ’ਤੇ ਇਸ ਦੀ ਜਾਣਕਾਰੀ ਦਿੱਤੀ। ਜਦੋਂ ਤੱਕ ਉਹ ਉਥੇ ਪੁੱਜੇ, ਉਦੋਂ ਤੱਕ ਅੱਗ ਕਾਫ਼ੀ ਜ਼ਿਆਦਾ ਫੈਲ ਚੁੱਕੀ ਸੀ। ਅੱਗ ਦੀਆਂ ਲਪਟਾਂ ਦੂਰ-ਦੂਰ ਤੱਕ ਦਿਖਾਈ ਦੇ ਰਹੀਆਂ ਸਨ ਤੇ ਅੱਗ ਨੇ ਪੂਰੀ ਬਿਲਡਿੰਗ ਨੂੰ ਆਪਣੀ ਲਪੇਟ ’ਚ ਲੈ ਲਿਆ ਸੀ। ਘਟਨਾ ਸਥਾਨ ’ਤੇ ਫਾਇਰ ਬ੍ਰਿਗੇਡ ਦੇ ਆਉਣ ਤੋਂ ਪਹਿਲਾਂ ਹੀ ਲੋਕਾਂ ਨੇ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਸਨ। ਸੂਚਨਾ ਮਿਲਦੇ ਹੀ ਅੱਗ ਬੁਝਾਊ ਅਮਲੇ ਦੀਆਂ ਗੱਡੀਆਂ ਪੁੱਜੀਆਂ, ਜਿਨ੍ਹਾਂ ਨੇ ਤਕਰੀਬਨ 1 ਘੰਟੇ ਦੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਅੱਗ ਲੱਗਣ ਕਾਰਨ ਬਿਲਡਿੰਗ ਦਾ ਤਾਂ ਨੁਕਸਾਨ ਹੋਇਆ ਹੀ, ਨਾਲ ਨਾਲ ਅੰਦਰ ਪਿਆ ਸਾਰਾ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ।
ਅੱਗ ਬੁਝਾਉਣ ਮੌਕੇ ਖਰਾਬ ਹੋਈ ਫਾਇਰ ਬ੍ਰਿਗੇਡ ਦੀ ਗੱਡੀ
ਸਮਾਰਟ ਸਿਟੀ ਲੁਧਿਆਣਾ ’ਚ ਦਾਅਵੇ ਕੀਤੇ ਜਾਂਦੇ ਹਨ ਕਿ ਵਿਭਾਗ ਕੋਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੋਂ ਲੈ ਕੇ ਸਾਰੇ ਔਜਾਰ ਹਾਈਟੈਕ ਹਨ ਪਰ ਅੱਗ ਬੁਝਾਊ ਅਮਲੇ ਦੀ ਹਾਈਟੈਕ ਔਜਾਰਾਂ ਦੀ ਪੋਲ ਉਸ ਵੇਲੇ ਖੁੱਲ੍ਹੀ, ਜਦੋਂ ਲੱਕੀ ਟਾਵਲ ਹਾਊਸ ’ਚ ਲੱਗੀ ਅੱਗ ਨੂੰ ਬੁਝਾਉਣ ਪੁੱਜੀ ਗੱਡੀ ਖਰਾਬ ਹੋ ਗਈ ਤੇ ਕਾਫ਼ੀ ਸਮੇਂ ਤੱਕ ਚਾਲੂ ਨਹੀਂ ਹੋਈ, ਜਿਸ ਨੂੰ ਬਾਅਦ ’ਚ ਕਰੀਬ 10 ਤੋਂ 12 ਲੋਕਾਂ ਨੇ ਧੱਕਾ ਮਾਰ ਕੇ ਚਾਲੂ ਕੀਤਾ।