ਮਾਛੀਵਾੜਾ (ਪੱਤਰ ਪ੍ਰੇਰਕ): ਬੱਸ ਸਟੈਂਡ ਰੋਡ ’ਤੇ ਨਹਿਰਾ ਮੈਡੀਕਲ ਸਟੋਰ ਵਿੱਚ ਬੀਤੀ ਦੇਰ ਰਾਤ ਸ਼ਾਰਟ ਸ਼ਰਕਟ ਕਾਰਨ ਅੱਗ ਲੱਗ ਗਈ ਜਿਸ ਕਾਰਨ ਕਾਫ਼ੀ ਨੁਕਸਾਨ ਹੋਇਆ ਹੈ। ਨਹਿਰਾ ਮੈਡੀਕਲ ਸਟੋਰ ਦੇ ਮਾਲਕ ਅਮਿਤ ਨਹਿਰਾ ਨੇ ਦੱਸਿਆ ਕਿ ਉਹ ਦੇਰ ਰਾਤ ਸਟੋਰ ਬੰਦ ਕਰ ਕੇ ਘਰ ਗਿਆ ਸੀ ਪਰ ਥੋੜੀ ਦੇਰ ਬਾਅਦ ਗੁਆਂਢੀਆਂ ਦਾ ਫੋਨ ਆਇਆ ਕਿ ਦੁਕਾਨ ਵਿੱਚੋਂ ਧੂੰਆ ਨਿਕਲ ਰਿਹਾ ਹੈ। ਉਸ ਨੇ ਤੁਰੰਤ ਆ ਕੇ ਸਟੋਰ ਦਾ ਸ਼ਟਰ ਚੁੱਕਿਆ ਤਾਂ ਅੰਦਰ ਅੱਗ ਲੱਗੀ ਹੋਈ ਸੀ ਤੇ ਸਾਰੀ ਦੁਕਾਨ ਅੰਦਰ ਧੂੰਆ ਫੈਲਿਆ ਹੋਇਆ ਸੀ। ਆਲੇ-ਦੁਆਲੇ ਦੇ ਲੋਕਾਂ ਨੇ ਪਾਣੀ ਨਾਲ ਅੱਗ ਬੁਝਾਉਣੀ ਸ਼ੁਰੂ ਕੀਤੀ ਅਤੇ ਨਾਲ ਹੀ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਸਮਰਾਲਾ ਤੋਂ ਆਈ ਫਾਇਰ ਬ੍ਰਿਗੇਡ ਦੀ ਗੱਡੀ ਨੇ ਅੱਗ ’ਤੇ ਕਾਬੂ ਪਾਇਆ। ਅਮਿਤ ਨਹਿਰਾ ਨੇ ਦੱਸਿਆ ਕਿ ਅੱਗ ਸਟੋਰ ਸ਼ਾਰਟ ਸ਼ਰਕਟ ਕਾਰਨ ਗੱਤੇ ਦੇ ਡੱਬਿਆਂ ਨੂੰ ਲੱਗ ਗਈ ਜਿਸ ਤੋਂ ਉਹ ਲੱਕੜ ਦੀ ਫਿਟਿੰਗ ਨੂੰ ਆਪਣੀ ਚਪੇਟ ’ਚ ਲੈ ਲਿਆ। ਅੱਗ ਕਾਰਨ ਜਿੱਥੇ ਫਿਟਿੰਗ ਪੂਰੀ ਤਰ੍ਹਾਂ ਨੁਕਸਾਨੀ ਗਈ ਉੱਥੇ ਦਵਾਈਆਂ ਤੇ ਏਸੀ ਵੀ ਝੁਲਸ ਗਿਆ ਹੈ। ਅਮਿਤ ਨਹਿਰਾ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਉਸ ਦਾ 2 ਤੋਂ 2.50 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।