ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 1 ਜਨਵਰੀ
ਇੱਕ ਪਾਸੇ ਜਿਥੇ ਪੂਰਾ ਸ਼ਹਿਰ ਨਵੇਂ ਸਾਲ ਦੇ ਜਸ਼ਨ ’ਚ ਝੂਮ ਰਿਹਾ ਸੀ, ਉਥੇ ਹੀ ਫਿਰੋਜ਼ਗਾਂਧੀ ਮਾਰਕੀਟ ’ਚ ਦੇਰ ਰਾਤ ਨੂੰ ਇੱਕ ਰੈਸਤਰਾਂ ’ਚ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਇੰਨੀ ਫੈਲ ਚੁੱਕੀ ਸੀ ਕਿ ਰੈਸਤਰਾਂ ’ਚ ਪਏ 2 ਸਿਲੰਡਰ ਵੀ ਫਟ ਗਏ। ਇਸ ਕਾਰਨ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਦੇਖਦੇ ਹੀ ਦੇਖਦੇ ਅੱਗ ਆਸਪਾਸ ਦੀਆਂ 2 ਦੁਕਾਨਾਂ ’ਚ ਵੀ ਫੈਲ ਗਈ। ਸੂਚਨਾ ਮਿਲਦੇ ਹੀ ਅੱਗ ਬੁਝਾਊ ਅਮਲੇ ਦੀਆਂ 3 ਗੱਡੀਆਂ ਮੌਕੇ ’ਤੇ ਪੁੱਜੀਆਂ ਅਤੇ ਅੱਗ ’ਤੇ ਕਾਬੂ ਪਾਇਆ ਗਿਆ। ਹਾਲਾਂਕਿ ਇਸ ਅੱਗ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਲੇ ਤੱਕ ਦੀ ਜਾਂਚ ’ਚ ਇਹੀ ਪਤਾ ਲੱਗਿਆ ਹੈ ਕਿ ਅੱਗ ਸ਼ਾਰਟ ਸਰਕਟ ਨਾਲ ਲੱਗੀ ਹੈ।
ਫਿਰੋਜ਼ਗਾਂਧੀ ਮਾਰਕੀਟ ’ਚ ਦੇਰ ਰਾਤ ਮਾਲਕ ਰਾਤ ਕਰੀਬ 12 ਵਜੇ ਰੈਸਤਰਾਂ ਬੰਦ ਕਰਕੇ ਚਲੇ ਗਏ। ਪਿਛੋਂ ਕਰੀਬ 2 ਵਜੇ ਅਚਾਨਕ ਰੈਸਤਰਾਂ ’ਚ ਅੱਗ ਲੱਗ ਗਈ। ਅੱਗ ਲੱਗਦੇ ਹੀ ਅੰਦਰ ਸੌ ਰਹੇ ਮੁਲਾਜ਼ਮ ਬਾਹਰ ਨਿਕਲੇ ਅਤੇ ਉਨ੍ਹਾਂ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਤੁਰੰਤ ਇਸਦੀ ਜਾਣਕਾਰੀ ਮਾਲਕ ਨੂੰ ਦਿੱਤੀ। ਮੁਲਾਜ਼ਮਾਂ ਨੇ ਦੋਸ਼ ਲਾਇਆ ਕਿ ਬਿਜਲੀ ਵਾਲਿਆਂ ਨੂੰ ਤੁਰੰਤ ਫੋਨ ਕੀਤਾ ਗਿਆ ਸੀ ਪਰ ਕਿਸੇ ਨੇ ਵੀ ਇਲਾਕੇ ਦੀ ਲਾਈਟ ਬੰਦ ਨਹੀਂ ਕੀਤੀ, ਜਿਸ ਕਾਰਨ ਉਹ ਅੱਗ ’ਤੇ ਕਾਬੂ ਨਹੀਂ ਪਾ ਸਕੇ ਤੇ ਜ਼ਿਆਦਾ ਨੁਕਸਾਨ ਹੋ ਗਿਆ ਅਤੇ ਦੇਖਦੇ ਹੀ ਦੇਖਦੇ ਅੱਗ ਫੈਲ ਗਈ। ਜਦੋਂ ਅੱਗ ਬੁਝਾਊ ਅਮਲੇ ਦੇ ਮੁਲਾਜ਼ਮ ਅੱਗ ’ਤੇ ਕਾਬੂ ਪਾ ਰਹੇ ਸਨ ਤਾਂ ਅਚਾਨਕ ਦੋ ਸਿਲੰਡਰਾਂ ’ਚ ਵੀ ਧਮਾਕਾ ਹੋ ਗਿਆ। ਜਦੋਂ ਤੱਕ ਅੱਗ ’ਤੇ ਕਾਬੂ ਪਾਇਆ ਜਾਂਦਾ, ਉਦੋਂ ਤੱਕ ਕਾਫ਼ੀ ਨੁਕਸਾਨ ਹੋ ਚੁੱਕਿਆ ਸੀ।