ਵਿਆਹੁਤਾ ਨੂੰ ਤੰਗ ਕਰਨ ਦੇ ਦੋਸ਼ ਹੇਠ ਕੇਸ ਦਰਜ
ਲੁਧਿਆਣਾ: ਥਾਣਾ ਸਲੇਮ ਟਾਬਰੀ ਦੀ ਪੁਲੀਸ ਨੇ ਇੱਕ ਵਿਆਹੁਤਾ ਦੀ ਸ਼ਿਕਾਇਤ ’ਤੇ ਉਸਦੇ ਪਤੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਸ ਸਬੰਧੀ ਯਸ਼ਮੀਨ ਸਲਮਾਨੀ ਨੇ ਦੱਸਿਆ ਕਿ ਉਹ ਗਰਭਵਤੀ ਹੈ ਅਤੇ ਉਸਦਾ ਪਤੀ ਸ਼ਦਾਬ ਉਸਨੂੰ ਆਪਣੇ ਮਾਤਾ-ਪਿਤਾ ਤੋਂ ਡਿਲਵਰੀ ਲਈ ਪੈਸੇ ਲੈ ਕੇ ਆਉਣ ਲਈ ਪ੍ਰੇਸ਼ਾਨ ਕਰਦਾ ਹੈ। ਉਹ ਆਪਣੇ ਕਮਰੇ ਵਿੱਚ ਸੁੱਤੀ ਪਈ ਸੀ ਤਾਂ ਉਹ ਉਸਨੂੰ ਪ੍ਰੇਸ਼ਾਨ ਕਰਨ ਲੱਗਾ ਤੇ ਉਸਦੀ ਸੱਸ ਨੇ ਤਿੰਨ ਗੋਲੀਆਂ ਉਸਦੇ ਮੂੰਹ ਵਿੱਚ ਪਾ ਦਿੱਤੀਆਂ ਜਿਸ ਨਾਲ ਉਹ ਬੇਹੋਸ਼ ਹੋ ਗਈ। ਹੋਸ਼ ਆਉਣ ’ਤੇ ਉਸਨੂੰ ਸਿਵਲ ਹਸਪਤਾਲ ਦਾਖ਼ਲ਼ ਕਰਵਾਇਆ ਗਿਆ। -ਨਿੱਜੀ ਪੱਤਰ ਪ੍ਰੇਰਕ
ਪਤਨੀ ਦੀ ਸ਼ਿਕਾਇਤ ’ਤੇ ਪਤੀ ਖ਼ਿਲਾਫ਼ ਕੇਸ ਦਰਜ
ਲੁਧਿਆਣਾ: ਥਾਣਾ ਜਮਾਲਪੁਰ ਦੀ ਪੁਲੀਸ ਨੇ ਇੱਕ ਵਿਆਹੁਤਾ ਦੀ ਸ਼ਿਕਾਇਤ ਤੇ ਉਸਦੇ ਪਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਸਪਿੰਦਰ ਕੌਰ ਨੇ ਦੋਸ਼ ਲਾਇਆ ਕਿ ਉਸਦਾ ਪਤੀ ਜਸਕਰਨ ਸਿੰਘ ਨਸ਼ੇ ਕਰਨ ਦਾ ਆਦੀ ਹੈ ਅਤੇ ਕੋਈ ਕੰਮ-ਕਾਰ ਨਹੀਂ ਕਰਦਾ। ਉਸ ਵੱਲੋਂ ਉਸਦੀ ਕੁੱਟਮਾਰ ਵੀ ਕੀਤੀ ਜਾਂਦੀ ਹੈ ਤੇ ਉਹ ਉਸਨੂੰ ਪੇਕਿਆਂ ਤੋਂ ਪੈਸੇ ਲਿਆਉਣ ਲਈ ਵੀ ਪ੍ਰੇਸ਼ਾਨ ਕਰਦਾ ਹੈ। ਥਾਣੇਦਾਰ ਪਲਵਿੰਦਰ ਪਾਲ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਉਸ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ
ਦੂਜਾ ਵਿਆਹ ਕਰਾਉਣ ਦੇ ਦੋਸ਼ ਤਹਿਤ ਕੇਸ ਦਰਜ
ਲੁਧਿਆਣਾ: ਥਾਣਾ ਵਿਮੈੱਨ ਦੀ ਪੁਲੀਸ ਨੇ ਇੱਕ ਵਿਆਹੁਤਾ ਦੀ ਸ਼ਿਕਾਇਤ ’ਤੇ ਉਸਦੇ ਪਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਗਣਪਤੀ ਕਲੋਨੀ ਨੂਰਵਾਲਾ ਰੋਡ ਵਾਸੀ ਦਿਸ਼ਾ ਪੁੱਤਰੀ ਤਿਲਕ ਰਾਜ ਨੇ ਦੱਸਿਆ ਕਿ ਉਸਦੀ ਸ਼ਾਦੀ ਬਲਵਿੰਦਰ ਸਿੰਘ ਉਰਫ਼ ਦਵਿੰਦਰ ਸਿੰਘ ਸਿੱਧੂ ਵਾਸੀ ਪਿੰਡ ਨਾਥਪੁਰਾ (ਬਠਿੰਡਾ) ਨਾਲ 6 ਫਰਵਰੀ 2022 ਨੂੰ ਹੋਈ ਸੀ। ਉਸ ਨੇ ਦੋਸ਼ ਲਾਇਆ ਕਿ ਉਸ ਦਾ ਪਤੀ ਸ਼ਾਦੀ ਤੋਂ ਬਾਅਦ ਉਸਨੂੰ ਹੋਰ ਦਾਜ ਲਿਆਉਣ ਲਈ ਪ੍ਰੇਸ਼ਾਨ ਕਰਨ ਲੱਗਾ ਤੇ ਉਸ ਨੂੰ ਬਿਨ੍ਹਾਂ ਦੱਸੇ ਅਤੇ ਤਲਾਕ ਲਿਆਂ ਦੂਸਰਾ ਵਿਆਹ ਕਰਵਾ ਲਿਆ। ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। – ਨਿੱਜੀ ਪੱਤਰ ਪ੍ਰੇਰਕ
ਹੁਕਮ ਦੀ ਉਲੰਘਣਾ ਦੇ ਦੋਸ਼ ਹੇਠ ਕੇਸ ਦਰਜ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਡਿਵੀਜ਼ਨ ਨੰਬਰ 8 ਦੀ ਪੁਲੀਸ ਨੇ ਅਦਾਲਤੀ ਹੁਕਮ ਦੀ ਉਲੰਘਣਾ ਦੇ ਦੋਸ਼ ਤਹਿਤ ਇੱਕ ਔਰਤ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਵਿਪਨ ਅਗਰਵਾਲ ਨੇ ਦੱਸਿਆ ਕਿ ਉਸਦਾ ਨੀਲੂ ਖੁੱਲਰ ਨਾਲ ਅਦਾਲਤ ਵਿੱਚ ਕੇਸ ਚੱਲਦਾ ਹੋਣ ਦੇ ਬਾਵਜੂਦ ਉਸਨੇ ਮਕਾਨ ਨੰਬਰ 8- ਏ ਊਧਮ ਸਿੰਘ ਨਗਰ ਦੇ ਹੇਠਲੇ ਪੋਰਸ਼ਨ ਦੇ ਦਰਵਾਜ਼ਿਆਂ ਨਾਲ ਕਥਿਤ ਛੇੜ-ਛਾੜ ਕੀਤੀ ਹੈ।