ਨਟ-ਬੋਲਟ ਚੋਰੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ
ਲੁਧਿਆਣਾ: ਥਾਣਾ ਮੋਤੀ ਨਗਰ ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਨਟ ਬੋਲਟ ਚੋਰੀ ਕਰਨ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਫੇਜ਼ 2 ਅਰਬਨ ਅਸਟੇਟ ਜਮਾਲਪੁਰ ਵਾਸੀ ਮਨਦੀਪ ਸਿੰਘ ਨੇ ਦੱਸਿਆ ਕਿ ਉਹ ਨਿਊ ਭਾਰਤ ਇੰਜਨੀਅਰਿੰਗ ਵਰਕਸ ਨਾਮੀਂ ਫੈਕਟਰੀ ਫੋਕਲ ਪੁਆਇੰਟ ਵਿੱਚ ਚਲਾ ਰਿਹਾ ਹੈ। ਫੈਕਟਰੀ ਵਿੱਚੋਂ ਪਿਛਲੇ ਕੁੱਝ ਸਮੇਂ ਤੋਂ ਨੱਟ ਬੋਲਟ ਚੋਰੀ ਹੋ ਰਹੇ ਸਨ, ਜਿਸ ’ਤੇ ਉਸਨੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਪਤਾ ਲੱਗਾ ਕਿ ਜਸਪਾਲ ਕੁਮਾਰ ਕਾਫ਼ੀ ਸਮੇਂ ਤੋਂ ਫੈਕਟਰੀ ਵਿੱਚੋਂ ਨਟ-ਬੋਲਟ ਵਗੈਰਾ ਸਾਮਾਨ ਚੋਰੀ ਕਰ ਰਿਹਾ ਹੈ। -ਨਿੱਜੀ ਪੱਤਰ ਪ੍ਰੇਰਕ
ਸਫ਼ੈਦੇ ਚੋਰੀ ਕਰਨ ਦੇ ਦੋਸ਼ ਤਹਿਤ ਕੇਸ ਦਰਜ
ਲੁਧਿਆਣਾ: ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ਨੇ ਇੱਕ ਪਲਾਟ ਵਿੱਚੋਂ ਸਫ਼ੈਦੇ ਚੋਰੀ ਕਰਨ ਦੇ ਦੋਸ਼ ਤਹਿਤ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਮੁਹੰਮਦ ਨਾਸਰ ਨੇ ਦੱਸਿਆ ਕਿ ਉਸਦੀ ਇੱਕ ਪ੍ਰਾਪਰਟੀ ਪਿੰਡ ਕੁਲੀਏਵਾਲ ਵਿੱਚ ਹੈ ਜਿੱਥੇ ਸਫ਼ੈਦੇ ਦੇ ਦਰੱਖਤ ਲੱਗੇ ਹੋਏ ਸਨ। ਰਾਜੂ ਵੱਲੋਂ ਉਸਨੂੰ ਇਤਲਾਹ ਦਿੱਤੀ ਗਈ ਕਿ ਉਨ੍ਹਾਂ ਦੇ ਰਕਬੇ ਵਿੱਚ ਲੱਗੇ ਸਫ਼ੈਦਿਆਂ ਨੂੰ ਸੁਖਵਿੰਦਰ ਸਿੰਘ ਅਤੇ ਜਸਪ੍ਰੀਤ ਸਿੰਘ ਵੱਲੋਂ ਜੇਸੀਬੀ ਰਾਹੀਂ ਕਟਵਾਇਆ ਜਾ ਰਿਹਾ ਹੈ ਅਤੇ ਟਰੈਕਟਰ ਟਰਾਲੀ ਨਾਲ ਚੁਕਵਾਇਆ ਗਿਆ ਹੈ। ਉਨ੍ਹਾਂ ਨੂੰ ਜਦੋਂ ਰਾਜੂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਦੱਸਿਆ ਕਿ ਜਸਪ੍ਰੀਤ ਸਿੰਘ ਅਤੇ ਸੁਖਵਿੰਦਰ ਸਿੰਘ ਉਸਨੂੰ ਗਾਲਾਂ ਕੱਢੀਆਂ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਉਸ ਨੇ ਜਦੋਂ ਆਪਣੀ ਜ਼ਮੀਨ ਵਿੱਚ ਜਾ ਕੇ ਦੇਖਿਆ ਕਿ ਉਸ ਵੱਲੋਂ ਲਗਾਏ ਹੋਏ ਸਫ਼ੈਦੇ ਪੁੱਟੇ ਹੋਏ ਸਨ ਅਤੇ ਤਕਰੀਬਨ 10 ਤੋਂ 15 ਸਫ਼ੈਦੇ ਚੋਰੀ ਸਨ ਜੋ ਸੁਖਵਿੰਦਰ ਸਿੰਘ ਅਤੇ ਜਸਪ੍ਰੀਤ ਸਿੰਘ ਨੇ ਜਸਕਿਰਨਜੀਤ ਸਿੰਘ ਗਿੱਲ ਦੀ ਸ਼ਹਿ ’ਤੇ ਚੋਰੀ ਕੀਤੇ ਹਨ। ਥਾਣੇਦਾਰ ਜਨਕ ਰਾਜ ਨੇ ਦੱਸਿਆ ਕਿ ਪੁਲੀਸ ਵੱਲੋਂ ਤਿੰਨਾਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ
ਘਰੋਂ ਖੇਡਣ ਗਿਆ ਲੜਕਾ ਲਾਪਤਾ
ਲੁਧਿਆਣਾ: ਥਾਣਾ ਮੇਹਰਬਾਨ ਦੇ ਇਲਾਕੇ ਵਿੱਚ ਸਥਿਤ ਬੰਦ ਕਾਲਜ ਨੂਰਵਾਲਾ ਵਿੱਚ ਖੇਡਣ ਲਈ ਘਰੋਂ ਗਿਆ ਨਾਬਾਲਗ ਲੜਕਾ ਭੇਤ-ਭਰੀ ਹਾਲਤ ਵਿੱਚ ਲਾਪਤਾ ਹੋ ਗਿਆ ਹੈ। ਇਸ ਸਬੰਧੀ ਰੇਖਾ ਪਤਨੀ ਅਕਲੇਸ਼ ਵਾਜਪਾਈ ਵਾਸੀ ਪਿੰਡ ਨੂਰਵਾਲਾ ਨੇ ਦੱਸਿਆ ਹੈ ਕਿ ਉਸਦਾ ਲੜਕਾ ਸੂਰਜ ਵਾਜਪਾਈ (13) ਬੰਦ ਕਾਲਜ ਨੂਰਵਾਲਾ ਦੀ ਗਰਾਊਂਡ ਵਿੱਚ ਖੇਡਣ ਲਈ ਗਿਆ ਸੀ, ਜੋ ਵਾਪਸ ਨਹੀਂ ਆਇਆ। ਉਸਨੇ ਸ਼ੱਕ ਪ੍ਰਗਟਾਇਆ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਆਪਣੇ ਨਿੱਜੀ ਸਵਾਰਥ ਲਈ ਲੜਕੇ ਨੂੰ ਆਪਣੀ ਨਾਜਾਇਜ਼ ਹਿਰਾਸਤ ਵਿੱਚ ਕਿਧਰੇ ਲੁਕਾਕੇ ਰੱਖਿਆ ਹੋਇਆ ਹੈ। -ਨਿੱਜੀ ਪੱਤਰ ਪ੍ਰੇਰਕ
ਜੂਆ ਖੇਡਣ ਦੇ ਦੋਸ਼ ਹੇਠ ਚਾਰ ਗ੍ਰਿਫ਼ਤਾਰ
ਲੁਧਿਆਣਾ: ਥਾਣਾ ਡਿਵੀਜ਼ਨ ਨੰਬਰ 7 ਦੀ ਖ਼ਰੀਦ ਨੇ ਜੂਆ ਖੇਡਦਿਆਂ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਵਿਸਾਖਾ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਸਬੰਧੀ ਤਾਜਪੁਰ ਚੌਕ ਨੇੜੇ ਜੀਟੀ ਰੋਡ ਵਿੱਚ ਮੌਜੂਦ ਸੀ ਤਾਂ ਹਰਜਿੰਦਰ ਸਿੰਘ ਉਰਫ਼ ਟੋਨੀ ਵਾਸੀ ਆਹਲੂਵਾਲੀਆ ਕਲੋਨੀ ਜਮਾਲਪੁਰ, ਜਸਪਾਲ ਸਿੰਘ ਉਰਫ਼ ਜੱਸਾ ਵਾਸੁ ਮੁਹੱਲਾ ਨਿਊ ਸ਼ਾਸਤਰੀ ਨਗਰ, ਪ੍ਰਦੀਪ ਦੁੱਗਲ ਵਾਸੀ ਮੁਹੱਲਾ ਮੋਤੀ ਨਗਰ ਅਤੇ ਦਵਿੰਦਰ ਸਿੰਘ ਉਰਫ਼ ਟਿੰਕੂ ਵਾਸੀ ਮੁਹੱਲਾ ਨਿੰਮਵਾਲਾ ਚੌਕ ਛਾਪੇ ਦੌਰਾਨ ਗਲੀ ਨੰਬਰ 1 ਮੁਹੱਲਾ ਗੁਰੂ ਅਰਜਨ ਦੇਵ ਨਗਰ ਵਿੱਚ ਸਟਰੀਟ ਲਾਇਟਾਂ ਦੀ ਰੋਸ਼ਨੀ ਹੇਠਾਂ ਬੈਠਕੇ ਤਾਸ਼ ਨਾਲ ਪੈਸੇ ਲਗਾ ਕੇ ਜੂਆ ਖੇਡਦਿਆਂ ਕਾਬੂ ਕਰਕੇ ਉਨ੍ਹਾਂ ਪਾਸੋਂ 35 ਹਜ਼ਾਰ ਰੁਪਏ ਭਾਰਤੀ ਕਰੰਸੀ ਨੋਟ ਬਰਾਮਦ ਕੀਤੇ ਹਨ। -ਨਿੱਜੀ ਪੱਤਰ ਪ੍ਰੇਰਕ
ਅਫ਼ੀਮ ਸਮੇਤ ਦੋ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 23 ਅਕਤੂਬਰ
ਪੁਲੀਸ ਵੱਲੋਂ ਦੋ ਵਿਅਕਤੀਆਂ ਨੂੰ ਅਫ਼ੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਡਿਵੀਜ਼ਨ ਨੰਬਰ 7 ਦੇ ਥਾਣੇਦਾਰ ਰਾਜ ਕੁਮਾਰ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਸਬੰਧੀ ਟੀ-ਪੁਆਇੰਟ ਸਾਹਮਣੇ ਐਲਆਈਜੀ ਫਲੈਟ ਸੈਕਟਰ 32 ਮੌਜੂਦ ਸੀ ਤਾਂ ਅਸ਼ਵਨੀ ਕੁਮਾਰ ਵਾਸੀ ਗੁਰੂ ਅਰਜਨ ਦੇਵ ਨਗਰ ਨੂੰ ਚੈਕਿੰਗ ਦੌਰਾਨ ਨੇੜੇ ਸਕੂਲ ਸੈਕਟਰ 32 ਏ ਤੋਂ ਐਕਟਿਵਾ ’ਤੇ ਆਉਂਦਿਆਂ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਤਲਾਸ਼ੀ ਲਈ ਤਾਂ ਉਸ ਪਾਸੋਂ 750 ਗ੍ਰਾਮ ਅਫ਼ੀਮ ਬਰਾਮਦ ਹੋਈ। ਇਸੇ ਤਰ੍ਹਾਂ ਥਾਣਾ ਸਦਰ ਦੇ ਥਾਣੇਦਾਰ ਤਰਸੇਮ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਹਿੰਮਤਪਾਲ ਸਿੰਘ ਉਰਫ਼ ਹਿੰਮਤ ਨੂੰ ਗਸ਼ਤ ਦੌਰਾਨ ਪਿੰਡ ਗਿੱਲ ਤੋਂ ਰੇਲਵੇ ਸਟੇਸ਼ਨ ਪਿੰਡ ਗਿੱਲ ਵੱਲ ਜਾਂਦਿਆਂ ਰਿੰਗ ਰੋਡ ਕਲੋਨੀ ਕੋਲ ਸ਼ੱਕ ’ਤੇ ਕਾਬੂ ਕਰਕੇ ਤਲਾਸ਼ੀ ਲਈ ਤਾਂ ਉਸ ਪਾਸੋਂ 408.27 ਗ੍ਰਾਮ ਅਫ਼ੀਮ ਬਰਾਮਦ ਹੋਈ। ਦੋਵਾਂ ਥਾਣਿਆਂ ਦੀ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।