ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 16 ਜੁਲਾਈ
ਸਿਵਲ ਹਸਪਤਾਲ ’ਚ ਡਾਕਟਰਾਂ ਦੇ ਨਾਲ-ਨਾਲ ਮੁਲਾਜ਼ਮਾਂ ਤੇ ਇਲਾਜ ’ਚ ਕਮੀ ਨੂੰ ਲੈ ਕੇ ਕਾਂਗਰਸੀ ਨੇਤਾ ਤੇ ਮਹਾਂਦੇਵ ਸੇਵਾ ਦਲ ਦੇ ਪ੍ਰਧਾਨ ਸੁਸ਼ੀਲ ਕਪੂਰ ਲੱਕੀ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਸੋਮਵਾਰ ਦੇਰ ਸ਼ਾਮ ਨੂੰ ਸ਼ੁਰੂ ਕੀਤੀ ਗਈ ਹੜਤਾਲ ਦੂਸਰੇ ਦਿਨ ਮੰਗਲਵਾਰ ਵੀ ਜਾਰੀ ਰਹੀ। ਹੈਰਾਨੀ ਦੀ ਗੱਲ ਇਹ ਹੈ ਕਿ ਦੋ ਦਿਨਾਂ ਤੋਂ ਲੱਕੀ ਕਪੂਰ ਭੁੱਖ ਹੜਤਾਲ ’ਤੇ ਬੈਠੇ ਹਨ, ਪਰ ਨਾ ਤਾਂ ਹੁਣ ਤੱਕ ਹਸਪਤਾਲ ਪ੍ਰਸ਼ਾਸਨ ਦੇ ਲੋਕ ਆਏ ਅਤੇ ਨਾ ਹੀ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਨ੍ਹਾਂ ਨਾਲ ਸੰਪਰਕ ਸਾਧਿਆ। ਲੱਕੀ ਕਪੂਰ ਨੇ ਦੱਸਿਆ ਕਿ ਸਿਵਲ ਹਸਪਤਾਲ ਪ੍ਰਸ਼ਾਸਨ ਕੋਲ ਨਾ ਤਾਂ ਡਾਕਟਰ ਹਨ ਤੇ ਨਾ ਹੀ ਕਰਮੀ। ਮਸ਼ੀਨਾਂ ਖਰਾਬ ਪਈਆਂ ਹਨ, ਕੋਈ ਦੇਖਣ ਵਾਲਾ ਨਹੀਂ ਹੈ ਅਤੇ ਬੈੱਡ ਵੀ ਖਰਾਬ ਹੋ ਚੁੱਕੇ ਹਨ। ਹਸਪਤਾਲਾਂ ਦੇ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਕੋਈ ਸੰਤੁਸ਼ਟ ਜਵਾਬ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੰਗ ਹੈ ਕਿ ਸਿਵਲ ਹਸਪਤਾਲ ’ਚ ਡਾਕਟਰ ਅਤੇ ਸਟਾਫ਼ ਸਣੇ ਦਰਜਾ ਚਾਰ ਮੁਲਾਜ਼ਮਾਂ ਦੀ ਕਮੀ ਪੂਰੀ ਕੀਤੀ ਜਾਵੇ। ਓਪੀਡੀ ’ਚ ਹਰ ਵਿਭਾਗ ’ਚ ਤਿੰਨ-ਚਾਰ ਡਾਕਟਰ ਹੋਣ। ਐਮਰਜੈਂਸੀ ’ਚ ਐਮਐਲਆਰ ਤੇ ਮਰੀਜ਼ਾਂ ਨੂੰ ਦੇਖਣ ਲਈ ਡਾਕਟਰ ਵੱਖ-ਵੱਖ ਹੋਣ, ਕਈ ਸਾਲਾਂ ਤੋਂ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਕਈ ਸਾਲਾਂ ਤੋਂ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਅਤੇ ਬੈੱਡ ਅਤੇ ਮਸ਼ੀਨਾਂ ਪੂਰੀਆਂ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਭੁੱਖ ਹੜਤਾਲ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ।