ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 8 ਸਤੰਬਰ
ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲੀਸ ਵੱਲੋਂ ਪੰਜ ਜਣਿਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਮੁਲਜ਼ਮਾਂ ਵੱਲੋਂ ਸਰੀ (ਕੈਨੇਡਾ) ਵਿੱਚ ਰਹਿੰਦੇ ਇੱਕ ਪਰਵਾਸੀ ਦੇ ਪਲਾਟ ਦੀ ਪਹਿਲਾਂ ਤਾਂ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਰਜਿਸਟਰੀ ਕਰਾ ਲਈ, ਮਗਰੋਂ ਉਸ ਰਜਿਸਟਰੀ ਦੇ ਆਧਾਰ ’ਤੇ ਬੈਂਕ ਤੋਂ ਲੱਖਾਂ ਰੁਪਏ ਦਾ ਕਰਜ਼ਾ ਲੈ ਿਲਆ। ਫੇਰ ਇਸ ਕਰਜ਼ ਦੀ ਅਦਾਇਗੀ ਬੈਂਕ ਨੂੰ ਨਾ ਕਰਨ ਕਰਕੇ ਠੱਗੀ ਕੀਤੀ ਗਈ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਐੱਨਆਰਆਈ ਰਾਜਵਿੰਦਰ ਸਿੰਘ ਵਾਸੀ ਜਮਾਲਪੁਰ ਨੇ ਦੱਸਿਆ ਹੈ ਕਿ ਕੁੱਝ ਲੋਕਾਂ ਨੇ ਮਿਲੀਭੁਗਤ ਕਰਕੇ ਜਾਅਲੀ ਦਸਤਾਵੇਜ਼ ਤਿਆਰ ਕੀਤੇ ਅਤੇ ਜ਼ਮੀਨ ਦੀ ਨਕਲੀ ਮਾਲਕਣ ਬੇਅੰਤ ਕੌਰ ਨੂੰ ਪੇਸ਼ ਕਰਕੇ ਬਾੜੇਵਾਲ ਸਥਿਤ 200 ਵਰਗ ਗਜ਼ ਦੇ ਪਲਾਟ ਦੀ ਰਜਿਸਟਰੀ ਆਪਣੇ ਨਾਮ ਕਰਵਾ ਲਈ ਅਤੇ ਉਸ ਨੂੰ ਐੱਚਡੀਐੱਫਸੀ ਬੈਂਕ ਵਿੱਚ ਰੱਖ ਕੇ 52 ਲੱਖ 11 ਹਜ਼ਾਰ 300 ਰੁਪਏ ਦਾ ਕਰਜ਼ਾ ਲੈ ਲਿਆ ਜੋ ਕਿ ਅੱਜ ਤੱਕ ਬੈਂਕ ਨੂੰ ਵਾਪਸ ਨਹੀਂ ਕੀਤਾ ਗਿਆ। ਥਾਣੇਦਾਰ ਭੁਪਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਉਪਰੰਤ ਵਿਸ਼ਵਕਰਮਾ ਕਲੋਨੀ ਵਾਸੀ ਦਵਿੰਦਰ ਸਿੰਘ, ਉਸ ਦੀ ਪਤਨੀ ਸੁਰਿੰਦਰ ਕੌਰ, ਨਕਲੀ ਦਲੀਪ ਕੌਰ, ਗਵਾਹਾਂ ਗੁਰਚਰਨ ਸਿੰਘ ਅਤੇ ਸੁਦਾਗਰ ਸਿੰਘ ਨੰਬਰਦਾਰ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਵਿੱਚ ਛਾਪੇ ਮਾਰੇ ਜਾ ਰਹੇ ਹਨ।