ਸੰਤੋਖ ਗਿੱਲ
ਗੁਰੂਸਰ ਸੁਧਾਰ, 19 ਸਤੰਬਰ
ਸਕੂਲੀ ਬੱਚੀ ਸੁਰੀਤ ਕੌਰ ਪਿਛਲੇ 9 ਮਹੀਨਿਆਂ ਤੋਂ ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਚੱਲ ਰਹੇ ਪੱਕੇ ਕਿਸਾਨੀ ਮੋਰਚੇ ’ਤੇ ਲਗਾਤਾਰ ਡਟੀ ਹੋਈ ਹੈ। 8 ਸਾਲਾ ਸਕੂਲੀ ਵਿਦਿਆਰਥਣ ਸੁਰੀਤ ਦੀ ਦਾਦੀ ਅਤੇ ਮਾਤਾ-ਪਿਤਾ ਵੀ ਅਧਿਆਪਕ ਹਨ। 18 ਜੁਲਾਈ ਨੂੰ ਸੁਰੀਤ ਕੌਰ ਨੇ ਆਪਣੇ ਹੋਰ ਸਕੂਲੀ ਸਾਥੀਆਂ ਨਾਲ ਖ਼ੁਸ਼ਕ ਬੰਦਰਗਾਹ ਨੂੰ ਦਿਨ ਭਰ ਘੇਰਾ ਪਾਇਆ ਸੀ ਤਾਂ ਅਗਲੇ ਹੀ ਦਿਨ ਅਡਾਨੀ ਗਰੁੱਪ ਨੇ ਖ਼ੁਸ਼ਕ ਬੰਦਰਗਾਹ ਤੋਂ ਆਪਣਾ ਫੱਟਾ ਲਾਹ ਲਿਆ ਸੀ। ਅੱਜ ਅੰਦੋਲਨਕਾਰੀਆਂ ਨੂੰ ਸੰਬੋਧਨ ਕਰਦਿਆਂ ਸੁਰੀਤ ਕੌਰ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬਹੁਤ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਮੋਦੀ ਅੰਕਲ ਬਹੁਤ ਨੁਕਸਾਨ ਹੋ ਚੁੱਕਾ ਹੈ, ਪਲੀਜ਼ ਖੇਤੀ ਕਾਨੂੰਨ ਵਾਪਸ ਲੈ ਲਓ। ਇਹ ਵੀ ਕਿਹਾ ਕਿ ਜੇਕਰ ਤੁਸੀਂ ਅੜੇ ਰਹੋਗੇ ਤਾਂ ਸਾਡੀ ਅਗਲੀ ਪੀੜ੍ਹੀ ਵੀ ਲੜਨ ਲਈ ਤਿਆਰ ਹੈ। ਧਰਨੇ ਦੀ ਅਗਵਾਈ ਬੀਬੀ ਅਮਨਦੀਪ ਕੌਰ ਨੇ ਕੀਤੀ। ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਜਗਤਾਰ ਸਿੰਘ ਚਕੋਹੀ, ਸੁਰਜੀਤ ਸਿੰਘ ਸੀਲੋਂ ਅਤੇ ਜਨਵਾਦੀ ਇਸਤਰੀ ਸਭਾ ਦੀ ਸੂਬਾ ਪ੍ਰਧਾਨ ਪ੍ਰੋਫੈਸਰ ਸੁਰਿੰਦਰ ਕੌਰ ਨੇ ਕਿਹਾ ਕਿ ਅੰਦੋਲਨ ਜਿੰਨਾ ਮਰਜ਼ੀ ਲੰਬਾ ਚੱਲੇ ਕੋਈ ਪ੍ਰਵਾਹ ਨਹੀਂ ਕਿਉਂਕਿ ਸਾਡੀ ਅਗਲੀ ਪੀੜ੍ਹੀ ਵੀ ਲੜਾਈ ਲਈ ਤਿਆਰ ਹੋ ਰਹੀ ਹੈ। ਜ਼ਿਲ੍ਹਾ ਸਕੱਤਰ ਰਘਵੀਰ ਸਿੰਘ ਬੈਨੀਪਾਲ, ਪ੍ਰੋਫੈਸਰ ਜੈਪਾਲ ਸਿੰਘ ਅਤੇ ਅਮਰੀਕ ਸਿੰਘ ਜੜਤੌਲੀ ਨੇ ਕਿਹਾ ਕਿ 27 ਸਤੰਬਰ ਦਾ ਭਾਰਤ ਬੰਦ ਬੇਮਿਸਾਲ ਹੋਵੇਗਾ ਕਿਉਂਕਿ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿਚ ਔਰਤਾਂ ਵੀ ਵੱਡੀ ਗਿਣਤੀ ਵਿਚ ਸਮਰਥਨ ਲਈ ਤੁਰੀਆਂ ਹਨ।
ਭਾਰਤ ਬੰਦ ਦੀ ਸਫ਼ਲਤਾ ਲਈ ਦੋਰਾਹਾ ਤੇ ਮਲੌਦ ਦੇ ਕਿਸਾਨਾਂ ਵੱਲੋਂ ਵਿਉਂਤਬੰਦੀ
ਪਾਇਲ (ਦੇਵਿੰਦਰ ਸਿੰਘ ਜੱਗੀ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਬਲਾਕ ਦੋਰਾਹਾ ਅਤੇ ਮਲੌਦ ਦੀ ਮੀਟਿੰਗ ਪਿੰਡ ਸਿਆੜ ਵਿੱਚ ਹੋਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਸਮੇਤ ਦੋਨਾਂ ਬਲਾਕਾਂ ਦੇ ਪਿੰਡਾਂ ਦੇ 100 ਤੋਂ ਵੱਧ ਕਿਸਾਨ ਆਗੂ ਸ਼ਾਮਲ ਹੋਏ। ਇਸ ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ 27 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕੀਤਾ ਜਾ ਰਿਹਾ ਭਾਰਤ ਬੰਦ ਨੂੰ ਕਾਮਯਾਬ ਕਰਨ ਲਈ ਦੋਨਾਂ ਬਲਾਕਾਂ ਦਾ ਵੱਡਾ ਇਕੱਠ ਕੀਤਾ ਜਾਵੇਗਾ ਅਤੇ ਜਥੇਬੰਦੀ ਵੱਲੋਂ 28 ਸਤੰਬਰ ਨੂੰ ਕੌਮੀ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਬਰਨਾਲਾ ਦਾਣਾ ਮੰਡੀ ਵਿੱਚ ਸੂਬਾ ਪੱਧਰੀ ਵਿਸ਼ਾਲ ਸਾਮਰਾਜ ਵਿਰੋਧੀ ਕਾਨਫਰੰਸ ਕੀਤੀ ਜਾਵੇਗੀ। ਜ਼ਿਲ੍ਹਾ ਲੁਧਿਆਣਾ ਦੇ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਪਰਮਵੀਰ ਸਿੰਘ ਘਲੋਟੀ (ਕਨਵੀਨਰ ਦੋਰਾਹਾ) ਅਤੇ ਲਖਵਿੰਦਰ ਸਿੰਘ ਉੱਕਸੀ (ਕਨਵੀਨਰ ਮਲੌਦ) ਨੇ ਦੱਸਿਆ ਕਿ ਪੰਜਾਬ ਭਰ ਵਿੱਚ ਸਾਲ ਭਰ ਤੋਂ ਚੱਲ ਰਹੇ ਪੱਕੇ ਮੋਰਚਿਆਂ ਤੋਂ ਇਲਾਵਾ 27 ਨੂੰ ਕੀਤੇ ਜਾਣ ਵਾਲੇ ਸੜਕ ਜਾਮ ਧਰਨਿਆਂ ਵਿੱਚ ਵੀ ਉੱਘੇ ਕਲਾਕਾਰ ਗੁਰਸ਼ਰਨ ਸਿੰਘ ਦੀ ਬਰਸੀ ਪੂਰੀ ਸ਼ਰਧਾ ਨਾਲ ਮਨਾਈ ਜਾਵੇਗੀ। 28 ਸਤੰਬਰ ਦੀ ਸਾਮਰਾਜ ਵਿਰੋਧੀ ਕਾਨਫਰੰਸ ਮੌਕੇ ਬਰਤਾਨਵੀ ਸਾਮਰਾਜੀਆਂ ਦੁਆਰਾ ਫਾਂਸੀ ਦਿੱਤੇ ਜਾਣ ਸਮੇਂ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਵੱਲੋਂ ਗੁੰਜਾਏ ਗਏ ‘ਇਨਕਲਾਬ ਜ਼ਿੰਦਾਬਾਦ’ ਅਤੇ ‘ਸਾਮਰਾਜਵਾਦ ਮੁਰਦਾਬਾਦ’ ਦੇ ਨਾਅਰਿਆਂ ਦੀ ਵਿਚਾਰਧਾਰਕ ਵਿਆਖਿਆ ਜਥੇਬੰਦੀ ’ਚ ਉੱਭਰ ਰਹੇ ਨੌਜਵਾਨਾਂ ਨੂੰ ਵਿਸ਼ੇਸ਼ ਤੌਰ ’ਤੇ ਸਮਝਾਈ ਜਾਵੇਗੀ ਕਿਉਂਕਿ ਮੌਜੂਦਾ ਘੋਲ਼ ਦਾ ਮੁੱਖ ਨਿਸ਼ਾਨਾ ਵੀ ਦੁਨੀਆਂ ਭਰ ਦੀਆਂ ਸਾਮਰਾਜੀ ਕੰਪਨੀਆਂ ਹਨ, ਜਿਨ੍ਹਾਂ ਨੂੰ ਕਿਸਾਨਾਂ ਦੀਆਂ ਜ਼ਮੀਨਾਂ ਸਮੇਤ ਪੂਰਾ ਖੇਤੀ ਕਾਰੋਬਾਰ ਸੰਭਾਲਣ ਲਈ ਹੀ ਕਾਲ਼ੇ ਖੇਤੀ ਕਾਨੂੰਨ ਬਣਾਏ ਗਏ ਹਨ। ਭਾਰਤ ਬੰਦ ਅਤੇ ਕਾਨਫਰੰਸ ਦੇ ਨਾਲ ਨਾਲ ਕਿਸਾਨ ਘੋਲ਼ ਦੇ ਦਿੱਲੀ ਟਿਕਰੀ ਮੋਰਚੇ ਸਮੇਤ ਪੰਜਾਬ ਵਿਚਲੇ ਮੋਰਚਿਆਂ ਦੀਆਂ ਲਾਮਬੰਦੀਆਂ ਵਧਾਉਣ ਲਈ ਪਿੰਡ ਪਿੰਡ ਮੀਟਿੰਗਾਂ, ਰੈਲੀਆਂ ਨੁੱਕੜ ਨਾਟਕਾਂ, ਕਾਫ਼ਲਾ ਮਾਰਚਾਂ, ਜਾਗੋ ਮਾਰਚਾਂ ਦਾ ਤਾਂਤਾ ਬੰਨ੍ਹਿਆ ਜਾਵੇਗਾ। ਝੋਨੇ ਦੀ ਸਰਕਾਰੀ ਖਰੀਦ ਲਈ ਆੜ੍ਹਤੀਆਂ ਰਾਹੀਂ ਫਰਦਾਂ ਮੰਗਣ ਵਾਲੇ ਅਤੇ ਡੀਏਪੀ ਖਾਦ ਦਾ ਸਹਿਕਾਰੀ ਸਭਾਵਾਂ ਦਾ ਕੋਟਾ ਘਟਾਉਣ ਅਤੇ ਨਿੱਜੀ ਕੰਪਨੀਆਂ-ਡੀਲਰਾਂ ਦਾ ਕੋਟਾ ਢਾਈ ਗੁਣਾ ਵਧਾਉਣ ਬਾਰੇ ਕਾਂਗਰਸ ਸਰਕਾਰ ਦੁਆਰਾ ਕੀਤੇ ਗਏ ਫ਼ੈਸਲਿਆਂ ਦੀ ਸਖ਼ਤ ਨਿਖੇਧੀ ਕਰਦਿਆਂ ਇਹ ਫੈਸਲੇ ਵਾਪਸ ਲੈਣ ਦੀ ਮੰਗ ਕੀਤੀ ਗਈ ਅਤੇ ਐਲਾਨ ਕੀਤਾ ਗਿਆ ਕਿ ਕੋਈ ਵੀ ਕਿਸਾਨ ਫ਼ਰਦ ਜਮ੍ਹਾਂ ਨਾ ਕਰਵਾਵੇ, ਹਰ ਕਿਸਾਨ ਦਾ ਝੋਨਾ ਪੂਰੇ ਰੇਟ ’ਤੇ ਵਿਕਾਉਣ ਲਈ ਪੂਰਾ ਤਾਣ ਲਾਇਆ ਜਾਵੇਗਾ।