ਪੱਤਰ ਪ੍ਰੇਰਕ
ਸਮਰਾਲਾ, 28 ਜੁਲਾਈ
ਪੈਨਸ਼ਨਰਾਂ ਦਾ ਇੱਕ ਵਫ਼ਦ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਕੋਆਰਡੀਨੇਟਰ ਅਤੇ ਕਨਵੀਨਰ ਕਰਮ ਸਿੰਘ ਧਨੋਆ ਦੀ ਅਗਵਾਈ ਹੇਠ ਪ੍ਰਿੰਸੀਪਲ ਸਕੱਤਰ ਵਿੱਤ ਅਜੋਏ ਕੁਮਾਰ ਸਿਨਹਾ ਨੂੰ ਸਿਵਲ ਸਕੱਤਰੇਤ ਚੰਡੀਗੜ੍ਹ ਵਿੱਚ ਮਿਲਿਆ। ਇਸ ਗੱਲ ਦਾ ਪ੍ਰਗਟਾਵਾ ਫਰੰਟ ਦੇ ਕਨਵੀਨਰ ਪ੍ਰੇਮ ਸਾਗਰ ਸ਼ਰਮਾ ਸਮਰਾਲਾ ਨੇ ਕੀਤਾ। ਹਾਜ਼ਰ ਕਨਵੀਨਰਾਂ ਵਿੱਚ ਸ਼ਾਮਲ ਕਰਮ ਸਿੰਘ ਧਨੋਆ, ਪ੍ਰੇਮ ਸਾਗਰ ਸ਼ਰਮਾ ਅਤੇ ਠਾਕਰ ਸਿੰਘ ਨੇ ਕੈਸ਼ਲੈੱਸ ਸਿਸਟਮ ਆਫ਼ ਟਰੀਟਮੈਂਟ ਸਾਬਕਾ ਫ਼ੌਜੀਆਂ ਦੀ ਤਰਜ਼ ’ਤੇ ਦੁਬਾਰਾ ਹੁਕਮ ਜਾਰੀ ਕਰਨ, ਡੈਂਚਰ, ਹੀਅਰਿੰਗ ਏਡ ਅਤੇ ਐਨਕਾਂ ਦੇ ਰੇਟ ਮੌਜੂਦਾ ਮਾਰਕੀਟ ਰੇਟਾਂ ਦੇ ਅਨੁਸਾਰ ਹੁਕਮ ਜਾਰੀ ਕਰਨ, 6 ਪ੍ਰਤੀਸ਼ਤ ਮਹਿੰਗਾਈ ਰਾਹਤ ਦੇਣ, 01-01-2016 ਤੋਂ 30-06-2021 ਤੱਕ ਦੇ ਬਣਦੇ ਬਕਾਏ ਦੀ ਅਦਾਇਗੀ ਕਰਨ ਸਬੰਧੀ ਚਰਚਾ ਕੀਤੀ ਗਈ। ਸ੍ਰੀ ਸਿਨਹਾ ਨੇ ਆਗੂਆਂ ਨੂੰ ਸੁਣਨ ਪਿੱਛੋਂ ਜੇ.ਸੀ.ਐਫ਼.ਏ. ਨੂੰ ਹਦਾਇਤਾਂ ਕੀਤੀਆਂ ਕਿ ਖਰਚੇ ਆਦਿ ਨੂੰ ਅੰਕੜਿਆਂ ਸਹਿਤ ਵਿੱਤ ਸਕੱਤਰ ਨਾਲ ਵਿਚਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਰਿਪੋਰਟ ਦਿੱਤੀ ਜਾਵੇ। ਇਸ ਸਬੰਧੀ ਫਰੰਟ ਨੇ ਤਿੰਨ ਮੈਂਬਰੀ ਕਮੇਟੀ ਬਣਾ ਦਿੱਤੀ ਹੈ ਜੋ 3 ਅਗਸਤ ਨੂੰ ਆਪਣੀ ਰਿਪੋਰਟ ਸਰਕਾਰ ਨੂੰ ਦੇਵੇਗੀ। ਮੀਟਿੰਗ ਤੋਂ ਤੁਰੰਤ ਬਾਅਦ ਆਗੂਆਂ ਨੇ ਮੀਟਿੰਗ ਕਰ ਕੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ 29 ਜੁਲਾਈ ਨੂੰ ਜ਼ਿਲ੍ਹਾ ਪੱਧਰ ’ਤੇ ਰੋਸ ਰੈਲੀਆਂ ਕਰ ਕੇ ਡੀਸੀ ਨੂੰ ਮੰਗ ਪੱਤਰ ਦਿੱਤੇ ਜਾਣਗੇ।