ਸਤਵਿੰਦਰ ਬਸਰਾ
ਲੁਧਿਆਣਾ, 15 ਸਤੰਬਰ
ਦਸਹਿਰੇ ਮੌਕੇ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਰਾਵਣ ਦੇ ਪੁਤਲੇ ਬਣਾਉਣ ਦਾ ਕੰਮ ਇੱਕ ਮੁਸਲਿਮ ਪਰਿਵਾਰ ਵੱਲੋਂ ਪਿਛਲੇ ਤਿੰਨ-ਚਾਰ ਦਹਾਕਿਆਂ ਤੋਂ ਕੀਤਾ ਜਾ ਰਿਹਾ ਹੈ। ਬਦੀ ਦੇ ਨੇਕੀ ਦੀ ਜਿੱਤ ਦਾ ਤਿਉਹਾਰ ਦਸਹਿਰਾ ਇਸ ਵਾਰ 12 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਪੁਤਲੇ ਬਣਾਉਣ ਲਈ ਇਹ ਪਰਿਵਾਰ ਸਥਾਨਕ ਦਰੇਸੀ ਮੈਦਾਨ ਵਿੱਚ ਪਹੁੰਚ ਚੁੱਕਾ ਹੈ। ਇੰਨ੍ਹਾਂ ਵੱਲੋਂ ਇਸ ਸਾਲ ਦਰੇਸੀ ਮੈਦਾਨ ਵਿੱਚ 120 ਫੁੱਟ ਉੱਚਾ ਰਾਵਣ ਦਾ ਪੁਤਲਾ ਤਿਆਰ ਕੀਤਾ ਜਾਵੇਗਾ।
ਆਗਰੇ ਦੇ ਰਹਿਣ ਵਾਲੇ ਅਜ਼ਰ ਅਲੀ ਨੇ ਇੰਜਨੀਅਰਿੰਗ ਦੀ ਪੜ੍ਹਾਈ ਕੀਤੀ ਹੋਈ ਹੈ ਅਤੇ ਉਹ ਆਪਣੇ ਪਿਤਾ ਦੇ ਨਾਲ ਪਿਛਲੇ ਕਈ ਦਹਾਕਿਆਂ ਤੋਂ ਲੁਧਿਆਣਾ ਪੁਤਲੇ ਬਣਾਉਣ ਆ ਰਿਹਾ ਹੈ। ਹੁਣ ਅਜ਼ਹਰ ਦਾ ਲੜਕਾ ਇਮਰਾਨ ਖਾਨ ਅਤੇ ਸੋਹੇਲ ਖਾਨ ਵੀ ਪੁਤਲੇ ਬਣਾਉਣ ਲੱਗ ਪਏ ਹਨ। ਇੰਨਾਂ ਵਿੱਚੋਂ ਇਮਰਾਨ ਨੇ ਸੋਫਟਵੇਅਰ ਇੰਜਨੀਅਰਿੰਗ ਦੀ ਪੜ੍ਹਾਈ ਕੀਤੀ ਹੋਈ ਹੈ। ਉਸ ਦੀ ਵੱਡੀ ਭੈਣ ਸਰਕਾਰੀ ਅਧਿਆਪਕ ਹੈ ਜਦਕਿ ਛੋਟੀ ਭੈਣ ਬੀਐਡ ਦੀ ਪੜ੍ਹਾਈ ਕਰ ਚੁੱਕੀ ਹੈ। ਪੜ੍ਹਿਆ-ਲਿਖਿਆ ਪਰਿਵਾਰ ਹੋਣ ਦੇ ਬਾਵਜੂਦ ਇੰਨ੍ਹਾਂ ਨੇ ਆਪਣੇ ਪੁਰਖਿਆਂ ਦਾ ਰਾਵਣ ਦੇ ਪੁਤਲੇ ਬਣਾਉਣ ਦਾ ਕੰਮ ਨਹੀਂ ਛੱਡਿਆ।
ਇਮਰਾਨ ਖਾਨ ਨੇ ਦੱਸਿਆ ਕਿ ਉਹ ਦਸਹਿਰੇ ਤੋਂ ਕਰੀਬ ਡੇਢ ਮਹੀਨਾ ਪਹਿਲਾਂ ਹੀ ਲੁਧਿਆਣਾ ਆ ਜਾਂਦੇ ਹਨ। ਇਸ ਵਾਰ ਵੀ ਉਨ੍ਹਾਂ ਦੀ 20 ਮੈਂਬਰੀ ਟੀਮ ਇੱਥੇ ਪਹੁੰਚ ਚੁੱਕੀ ਹੈ। ਉਹ ਦਰੇਸੀ ਮੈਦਾਨ ਲਈ 120 ਫੁੱਟ ਦਾ ਰਾਵਣ ਤਿਆਰ ਕਰਨਗੇ। ਇਸ ਤੋਂ ਇਲਾਵਾ ਉਨ੍ਹਾਂ ਕੋਲ ਉਪਕਾਰ ਨਗਰ ਵਿੱਚ 70 ਫੁੱਟ, ਅਗਰ-ਨਗਰ ਵਿੱਚ 50 ਫੁੱਟ, ਧਾਂਦਰਾ ਵਿੱਚ 40 ਫੁੱਟ, ਖੰਨਾ ਵਿੱਚ 80 ਫੁੱਟ ਅਤੇ ਬਰਨਾਲਾ ਵਿੱਚ 100 ਫੁੱਟ ਉੱਚੇ ਰਾਵਣ ਦੇ ਪੁਤਲੇ ਬਣਾਉਣ ਦਾ ਆਰਡਰ ਹੈ। ਇੰਨ੍ਹਾਂ ਤੋਂ ਇਲਾਵਾ ਉਨ੍ਹਾਂ ਕੋਲ 10 ਦੇ ਕਰੀਬ ਹੋਰ ਵੱਖ-ਵੱਖ ਥਾਵਾਂ ਦੇ ਆਰਡਰ ਵੀ ਹਨ। ਉਸ ਨੇ ਦੱਸਿਆ ਕਿ ਇਸ ਵਾਰ ਦਰੇਸੀ ਮੈਦਾਨ ਵਿੱਚ ਬਣਾਏ ਜਾਣ ਵਾਲੇ ਰਾਵਣ ਦੇ ਪੁਤਲੇ ’ਤੇ ਲੱਗਣ ਵਾਲੇ ਦਸ ਸਿਰਾਂ ਵਿੱਚੋਂ ਵੀ ਅੱਗ ਨਿਕਲੇਗੀ। ਇਮਰਾਨ ਨੇ ਦੱਸਿਆ ਕਿ ਪੰਜਾਬ ਤੋਂ ਇਲਾਵਾ ਉਨ੍ਹਾਂ ਦੀਆਂ ਬਾਕੀ ਟੀਮਾਂ ਹਰਿਆਣਾ, ਰਾਜਸਥਾਨ ਅਤੇ ਯੂਪੀ ਵਿੱਚ ਵੀ ਰਾਵਣ ਤਿਆਰ ਕਰ ਰਹੀਆਂ ਹਨ।