ਸਤਵਿੰਦਰ ਬਸਰਾ
ਲੁਧਿਆਣਾ, 2 ਮਈ
ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਵੱਲੋਂ ਬੀਤੇ 40 ਸਾਲ ਤੋਂ ਕੌਮਾਂਤਰੀ ਮਜ਼ਦੂਰ ਦਿਹਾੜੇ ਮੌਕੇ ਮਨਾਈ ਜਾਂਦੀ ਨਾਟਕਾਂ ਅਤੇ ਗੀਤਾਂ ਭਰੀ ਰਾਤ ਇਸ ਵਾਰ ਕਿਸਾਨੀ ਅੰਦੋਲਨ ਵਿੱਚ ਜ਼ਿੰਦਾਂ ਵਾਰਨ ਵਾਲਿਆਂ ਨੂੰ ਸਮਰਪਿਤ ਕੀਤੀ ਗਈ। ਪੰਜਾਬੀ ਭਵਨ ਲੁਧਿਆਣਾ ਦੇ ਵਿਹੜੇ ਸਜੀ ਵਿਸ਼ਾਲ ਪੁਸਤਕ ਪ੍ਰਦਰਸ਼ਨੀ ਦੇ ਪ੍ਰਵੇਸ਼ ਦੁਆਰ ’ਤੇ ਲੱਗੀ ਕਿਸਾਨੀ ਅੰਦੋਲਨ ਦੇ ਸ਼ਹੀਦਾਂ ਦੀ ਚਿੰਨਾਤਮਕ ਤਸਵੀਰ ਅੱਗੇ ਫੁੱਲਾਂ ਸੰਗ ਸ਼ਰਧਾਂਜਲੀ ਅਰਪਤ ਕਰਦਿਆ ਕਾਫ਼ਲਾ, ਬਲਰਾਜ ਸਾਹਨੀ ਖੁੱਲ੍ਹਾ ਰੰਗ ਮੰਚ ਅੰਦਰ ਦਾਖਲ ਹੋਇਆ। ਕਾਫ਼ਲੇ ਦੀ ਅਗਵਾਈ ਸੁਰਜੀਤ ਪਾਤਰ, ਮਨਜੀਤ ਔਲਖ, ਗੁਰਸ਼ਰਨ ਭਾਅ ਜੀ ਦੀ ਧੀ ਡਾ. ਅਰੀਤ, ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਵਿੱਤ ਸਕੱਤਰ ਕਸਤੂਰੀ ਲਾਲ, ਪ੍ਰੋ. ਜਗਮੋਹਣ ਸਿੰਘ, ਡਾ. ਗੁਰਇਕਬਾਲ ਸਿੰਘ, ਕਹਾਣੀਕਾਰ ਸੁਖਜੀਤ , ਮਜ਼ਦੂਰ, ਕਿਸਾਨ, ਨੌਜਵਾਨ, ਤਰਕਸ਼ੀਲ ਜੱਥੇਬੰਦੀਆਂ ਦੇ ਆਗੂ ਅਤੇ ਕਾਮਿਆਂ ਸਮੇਤ ਅਮਰੀਕ ਸਿੰਘ ਆਦਿ ਆਗੂ ਕਰ ਰਹੇ ਸਨ। ਨਾਟਕਾਂ ਭਰੀ ਰਾਤ ਵਿੱਚ ਪ੍ਰੋ. ਵਰਿਆਮ ਸਿੰਘ ਸੰਧੂ ਦੀ ਕਹਾਣੀ ’ਤੇ ਅਧਾਰਤ ਕੇਵਲ ਧਾਲੀਵਾਲ ਵੱਲੋਂ ਨਾਟ ਸਿਰਜਣਾ ਅਤੇ ਨਿਰਦੇਸ਼ਨਾ ਵਿੱਚ, ‘ਮੈਂ ਰੋ ਨਾ ਲਵਾਂ ਇੱਕ ਵਾਰ’, ਹਰਕੇਸ਼ ਚੌਧਰੀ ਦੁਆਰਾ ਲਿਖਿਆ ਅਤੇ ਨਿਰਦੇਸ਼ਤ ‘ਪਰਿੰਦੇ ਭਟਕ ਗਏ’, ਕੁਲਵੰਤ ਕੌਰ ਨਗਰ ਦਾ ਲਿਖਿਆ ਜਸਵਿੰਦਰ ਪੱਪੀ ਦਾ ਨਿਰਦੇਸ਼ਤ ‘ਚਿੜੀਆਂ ਦਾ ਚੰਬਾ’, ਬਲਦੇਵ ਸੜਕਨਾਮਾ ਦੇ ਨਾਵਲ ’ਤੇ ਅਧਾਰਤ ਹਰਵਿੰਦਰ ਦੀਵਾਨਾ ਦਾ ਲਿਖਿਆ ਅਤੇ ਨਿਰਦੇਸ਼ਤ ਕੀਤਾ ‘ਬਲ਼ਦੇ ਦਰਿਆ’ ਡਾ. ਸੋਮਪਾਲ ਹੀਰਾ ਦਾ ਲਿਖਿਆ ਅਤੇ ਨਿਰਦੇਸ਼ਤ ਕੀਤਾ , ‘ਭਗਤ ਸਿੰਘ ਤੂੰ ਜ਼ਿੰਦਾ ਹੈ’ ਨਾਟਕ ਖੇਡੇ ਗਏ। ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ, ਧਰਮਿੰਦਰ ਮਸਾਣੀ, ਨਰਗਿਸ, ਹਰਸ਼ ਬਿਲਗਾ, ਜਗਸੀਰ ਜੀਦਾ, ਦਸਤਕ ਮੰਚ ਦੇ ਮਨਦੀਪ ਅਤੇ ਸਾਥੀ, ਅੰਮ੍ਰਿਤਪਾਲ ਬਠਿੰਡਾ, ਕਸਤੂਰੀ ਲਾਲ ਆਦਿ ਨੇ ਗੀਤ ਸੰਗੀਤ ਦੇ ਰੰਗਾਂ ਨਾਲ ਰਾਤ ਨੂੰ ਚੇਤਨਾ ਦਾ ਚਾਨਣ ਵੰਡਿਆ। ਇਸ ਰਾਤ ਨਾਮਵਰ ਨਾਟਕਕਾਰ ਡਾ. ਸਾਹਿਬ ਸਿੰਘ, ਗ਼ਜ਼ਲਕਾਰ ਗੁਰਦਿਆਲ ਰੌਸ਼ਨ ਅਤੇ ਬਹੁ ਪੱਖੀ ਕਲਾਵੰਤੀ ਨਾਟਕਕਾਰ ਮਰਹੂਮ ਹੰਸਾ ਸਿੰਘ ਨੂੰ ‘ਗੁਰਸ਼ਰਨ ਕਲਾ ਸਨਮਾਨ’ ਨਾਲ ਸਨਮਾਨਤ ਕੀਤਾ ਗਿਆ। ਇਸ ਮੌਕੇ ਪੰਜਾਬ ਦੀ ਸਾਹਿਤਕ, ਸਭਿਆਚਾਰਕ ਲਹਿਰ ਵੱਲੋਂ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਕਿਸਾਨ ਅੰਦੋਲਨ ਨੇ ਇੱਕ ਵਾਰ ਫਿਰ ਸਾਡੀ ਮਿੱਟੀ ਦੇ ਕਣ ਕਣ ਵਿੱਚ ਸਮੋਏ ਲੋਕ-ਪੱਖੀ, ਅਮੀਰ ਸਿਹਤਮੰਦ , ਇਤਿਹਾਸ, ਸਾਹਿਤ ਅਤੇ ਕਲਾ ਦੀ ਅਸੀਮ ਸ਼ਕਤੀ ਦਾ ਸਤੰਭ ਗੱਡਿਆ ਹੈ।
ਸਮਾਰੋਹ ਦੌਰਾਨ ਪੁਸਤਕਾਂ ਕੀਤੀਆਂ ਿਰਲੀਜ਼
ਅਮੋਲਕ ਸਿੰਘ ਨੇ ਕਿਹਾ ਕਿ ਗੁਰਸ਼ਰਨ ਭਾਅ ਦੀ ਸੋਚ ਅਤੇ ਅਮਲ ਦਾ ਸੁਮੇਲ ਅਮੀਰ ਪਰੰਪਰਾ ਵਾਲਾ ਗਰੀਬ ਰੰਗ ਮੰਚ ਭਾਈ ਲਾਲੋਆਂ ਦੇ ਫਿਕਰਾਂ ਦੀ ਬਾਂਹ ਫੜਦਾ ਸਦਾ ਸਫ਼ਰ ‘ਤੇ ਰਹੇਗਾ। ਗੁਰਦਿਆਲ ਰੌਸ਼ਨ ਦੀ ‘ਖੇਤਾਂ ਤੋਂ ਦਿੱਲੀ ਤੱਕ’, ਪ੍ਰੋ. ਵਰਿਆਮ ਸਿੰਘ ਸੰਧੂ ਦੀ ‘ਗੁਰੂ ਨਾਨਕ ਪਾਤਸ਼ਾਹ ਨੂੰ ਮਿਲਦਿਆਂ’, ਅਮੋਲਕ ਸਿੰਘ ਦੀ ‘ਮਿੱਟੀ ਜਾਏ ਗੀਤ’ ਹਰਕੇਸ਼ ਚੌਧਰੀ ਦੀ ‘ਉੱਠਣ ਦਾ ਵੇਲਾ’, ਸਾਜ਼ ਹੀ ਮੇਰਾ ਹਥਿਆਰ ਹੈ ਅਨੁਵਾਦ ਮਨ ਦੀਪ ਆਦਿ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ।