ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 12 ਜੂਨ
ਇੱਥੋਂ ਨੇੜਲੇ ਪਿੰਡ ਭੂੰਦੜੀ ਵਿੱਚ ਗੈਸ ਫੈਕਟਰੀ ਵਿਰੋਧੀ ਧਰਨੇ ਦੇ 77ਵੇਂ ਦਿਨ ਅੱਜ ਔਰਤਾਂ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ। ਇਸ ਸਮੇਂ ਅਹਿਦ ਲਿਆ ਗਿਆ ਕਿ ਗੈਸ ਫੈਕਟਰੀ ਕਰਵਾਉਣ ਦੇ ਮਾਮਲੇ ਵਿੱਚ ਸਰਕਾਰ ਤੇ ਪ੍ਰਸ਼ਾਸਨ ਨੂੰ ਝੁਕਾਉਣ ਤਕ ਸੰਘਰਸ਼ ਜਾਰੀ ਰਹੇਗਾ। ਸੰਘਰਸ਼ ਦੇ ਢਾਈ ਮਹੀਨੇ ਬੀਤ ਜਾਣ, ਵੋਟਾਂ ਦੇ ਬਾਈਕਾਟ ਸਮੇਤ ਹਰ ਹਰਬਾ ਵਰਤ ਕੇ ਦੇਖ ਲੈਣ ਦੇ ਬਾਵਜੂਦ ਲੋਕਾਂ ਦੀ ਸਾਰ ਨਾ ਲੈਣ ਦੇ ਰੋਸ ਵਜੋਂ ਧਰਨਾਕਾਰੀਆਂ ਨੇ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਪ੍ਰਦੂਸ਼ਿਤ ਗੈਸ ਫੈਕਟਰੀ ਵਿਰੋਧੀ ਸ਼ੰਘਰਸ਼ ਕਮੇਟੀ ਦੇ ਬੁਲਾਰਿਆਂ ਹਰਬੰਸ ਸਿੰਘ ਕਾਉਂਕੇ, ਸਾਬਕਾ ਚੇਅਰਮੈਨ ਸੁਰਜੀਤ ਸਿੰਘ, ਸੁਖਦੇਵ ਭੂੰਦੜੀ, ਸੂਬੇਦਾਰ ਕਾਲਾ ਸਿੰਘ, ਸਤਵੰਤ ਸਿੰਘ ਸਿਵੀਆ, ਸਤਪਾਲ ਸਿੰਘ, ਸਾਗਾ ਸਿੰਘ, ਸ਼ਿੰਦਰਪਾਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿੰਨਾ ਚਿਰ ਪੱਕੇ ਤੌਰ ’ਤੇ ਅਜਿਹੀਆਂ ਫੈਕਟਰੀਆਂ ਬੰਦ ਨਹੀਂ ਹੁੰਦੀਆਂ ਸੰਘਰਸ਼ ਜਾਰੀ ਰਹੇਗਾ। ਬੀਬੀ ਗੁਰਚਰਨ ਕੌਰ ਤੇ ਹਰਜਿੰਦਰ ਕੌਰ ਨੇ ਕਿਹਾ ਕਿ ਪਿੰਡ ਵਾਸੀ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਲਗਾਤਾਰ ਧਰਨੇ ’ਤੇ ਬੈਠੇ ਹਨ। ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਡਾ. ਸੁਖਦੇਵ ਭੂੰਦੜੀ ਨੇ ਦੱਸਿਆ ਕਿ ਬੀਤੇ ਕੱਲ੍ਹ ਦੇ ਲੁਧਿਆਣਾ ਵਾਲੇ ਧਰਨੇ ਕਰਕੇ ਪ੍ਰਸ਼ਾਸਨ ਗੱਲ ਸੁਣਨ ਲਈ ਮਜਬੂਰ ਹੋਇਆ। ਡਿਪਟੀ ਕਮਿਸ਼ਨਰ ਲੁਧਿਆਣਾ ਨੇ ਵਫ਼ਦ ਨੂੰ ਧਿਆਨ ਨਾਲ ਸੁਣਨ ਮਗਰੋਂ ਇਨਸਾਫ਼ ਦੇਣ ਦਾ ਵਾਅਦਾ ਕੀਤਾ। ਜ਼ਿਲ੍ਹਾ ਪ੍ਰਸ਼ਾਸਨ ਨਾਲ ਦੋ ਦਿਨ ਬਾਅਦ ਮੁੜ ਸੰਘਰਸ਼ ਕਮੇਟੀ ਦੀ ਮੀਟਿੰਗ ਹੋਵੇਗੀ। ਉਪਰੰਤ ਪ੍ਰਸ਼ਾਸਨ ਮੁੱਖ ਮੰਤਰੀ ਨਾਲ ਤਾਲਮੇਲ ਕਮੇਟੀ ਦੀ ਮੀਟਿੰਗ ਕਰਾਵੇਗਾ। ਇਸ ਸਮੇਂ ਮੰਚ ਸੰਚਾਲਨ ਜਗਤਾਰ ਸਿੰਘ ਮਾੜਾ ਨੇ ਕੀਤਾ ਜਦਕਿ ਧਰਨੇ ਵਿੱਚ ਮਨਮੋਹਨ ਸਿੰਘ ਗਿੱਲ, ਜਗਮੋਹਨ ਸਿੰਘ ਗਿੱਲ, ਅੰਮ੍ਰਿਤਪਾਲ ਸਿੰਘ, ਗੁਰਮੇਲ ਸਿੰਘ ਚੀਮਨਾ, ਮਲਕੀਤ ਸਿੰਘ, ਜਸ਼ਨ ਸਿੰਘ, ਬਲਦੇਵ ਸਿੰਘ ਲਤਾਲਾ ਅਤੇ ਅਵਤਾਰ ਸਿੰਘ ਮੋਮੀ ਸ਼ਾਮਲ ਹੋਏ।