ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 12 ਫਰਵਰੀ
ਡੇਰਾ ਸਿਰਸਾ ਮੁਖੀ ਨੂੰ ਪੈਰੋਲ ਦੇਣ ਖ਼ਿਲਾਫ਼ ਸਿੱਖ ਜਥੇਬੰਦੀਆਂ ਨੇ ਇੱਥੇ ਰਾਣੀ ਝਾਂਸੀ ਚੌਕ ’ਚ ਅੱਜ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਭੁੱਖ ਹੜਤਾਲ ਦੇ ਪਹਿਲੇ ਦਿਨ ਅੱਜ ਗਿਆਰਾਂ ਮੈਂਬਰੀ ਜਥਾ ਸ਼ਾਮਲ ਹੋਇਆ। ਸਿੱਖ ਜਥੇਬੰਦੀਆਂ ਨੇ ਕੱਲ੍ਹ ਇੱਥੇ ਕੌਮੀ ਸ਼ਾਹਰਾਹ ’ਤੇ ਧਰਨਾ ਦੇ ਕੇ ਚੱਕਾ ਜਾਮ ਕਰਨ ਮੌਕੇ ਐਲਾਨ ਕਰ ਦਿੱਤਾ ਸੀ ਕਿ ਜੇ ਡੇਰਾ ਮੁਖੀ ਦੀ ਫਰਲੋ ਰੱਦ ਨਹੀਂ ਹੁੰਦੀ ਤਾਂ ਰੋਸ ਵਜੋਂ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ। ਭੁੱਖ ਹੜਤਾਲ ’ਚ ਆਤਮਾ ਸਿੰਘ, ਮੁਕੰਦਰ ਸਿੰਘ, ਤਰਲੋਚਨ ਸਿੰਘ, ਅਮਰਜੀਤ ਸਿੰਘ ਸਿੱਧਵਾਂ, ਸਤਨਾਮ ਸਿੰਘ ਮੋਰਕਰੀਮਾ, ਗੁਰਮੇਲ ਸਿੰਘ, ਗੁਰਦੇਵ ਸਿੰਘ ਬੋਪਾਰਾਏ, ਤੋਤਾ ਸਿੰਘ ਮਾਨ, ਹਰਬੰਸ ਸਿੰਘ ਮਾਨ, ਬਲਤੇਜ ਸਿੰਘ ਅਤੇ ਗੁਰਚਰਨ ਸਿੰਘ ਧਾਲੀਵਾਲ ਸ਼ਾਮਲ ਹੋਏ।
ਇਸ ਮੌਕੇ ਜਥੇਦਾਰ ਮੋਹਨ ਸਿੰਘ ਬੰਗਸੀਪੁਰਾ ਅਤੇ ਪਰਵਾਰ ਸਿੰਘ ਡੱਲਾ ਨੇ ਕਿਹਾ ਕਿ ਜਬਰ-ਜਨਾਹ ਅਤੇ ਕਤਲ ਵਰਗੇ ਦੋਸ਼ਾਂ ’ਚ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਜੇਲ੍ਹ ’ਚ ਉਮਰ ਕੈਦ ਕੱਟ ਰਹੇ ਡੇਰਾ ਮੁਖੀ ਨੂੰ ਹਰਿਆਣਾ ਸਰਕਾਰ ਨੇ ਵੋਟਾਂ ’ਚ ਲਾਹੇ ਖ਼ਾਤਰ ਫਰਲੋ ’ਤੇ ਬਾਹਰ ਕੱਢਿਆ ਹੈ। ਮੋਦੀ ਸਰਕਾਰ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਇਕ ਪਾਸੇ ਡੇਰਾ ਮੁਖੀ ਅਤੇ ਲਖੀਮਪੁਰ ਖੀਰੀ ’ਚ ਕਿਸਾਨਾਂ ਨੂੰ ਗੱਡੀ ਹੇਠ ਕੁਚਲਣ ਵਾਲੇ ਆਸ਼ੀਸ਼ ਮਿਸ਼ਰਾ ਵਰਗੇ ਲੋਕਾਂ ਨੂੰ ਜ਼ਮਾਨਤਾਂ ਦੇ ਕੇ ਚੋਣਾਂ ਮੌਕੇ ਬਾਹਰ ਲਿਆਂਦਾ ਜਾ ਰਿਹਾ ਹੈ, ਦੂਜੇ ਪਾਸੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘ ਰਿਹਾਅ ਨਹੀਂ ਕੀਤੇ ਜਾ ਰਹੇ। ਅਜਿਹਾ ਪ੍ਰਤੀਤ ਹੁੰਦਾ ਹੈ ਜਿਵੇਂ ਦੇਸ਼ ’ਚ ਦੋ ਕਾਨੂੰਨ ਕੰਮ ਕਰ ਰਹੇ ਹੋਣ। ਸਜ਼ਾ ਕੱਟ ਚੁੱਕੇ ਕੈਦੀਆਂ ਨੂੰ ਜੇਲ੍ਹਾਂ ’ਚ ਰੱਖਣ ਦਾ ਦੁਨੀਆਂ ’ਚ ਕਿਧਰੇ ਕੋਈ ਕਾਨੂੰਨ ਨਹੀਂ ਜਦੋਂਕਿ ਭਾਰਤ ’ਚ ਬੰਦੀ ਸਿੰਘਾਂ ਦਾ ਮਾਮਲਾ ਇਸ ਪੱਖਪਾਤੀ ਕਾਨੂੰਨ ਦੀ ਜਿਉਂਦੀ ਜਾਗਦੀ ਮਿਸਾਲ ਹੈ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਡੇਰਾ ਮੁਖੀ ਦੀ ਫਰਲੋ ਰੱਦ ਨਹੀਂ ਕੀਤੀ ਜਾਂਦੀ ਉਦੋਂ ਤੱਕ ਰੋਜ਼ਾਨਾ ਸਥਾਨਕ ਰਾਣੀ ਝਾਂਸੀ ਚੌਕ ਵਿਚ ਭੁੱਖ ਹੜਤਾਲ ’ਤੇ ਬੈਠਿਆ ਜਾਵੇਗਾ।