ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 8 ਦਸੰਬਰ
ਠੇਕੇਦਾਰੀ ਪ੍ਰਬੰਧ ਖ਼ਤਮ ਕਰ ਕੇ ਐੱਫਸੀਆਈ ਵਾਂਗ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਸੱਤ ਪੱਲੇਦਾਰ ਯੂਨੀਅਨਾਂ ਦੀ ਹੜਤਾਲ ਅੱਜ ਦੂਜੇ ਦਿਨ ਵੀ ਜਾਰੀ ਰਹੀ। ਸਥਾਨਕ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਦਫ਼ਤਰ ਅੱਗੇ ਧਰਨਾ ਲੇ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਧਰਨਾਕਾਰੀ ਮੰਗ ਕਰ ਰਹੇ ਹਨ ਕਿ ਮਜ਼ਦੂਰਾਂ ਦਾ ਸ਼ੋਸ਼ਣ ਕਰਨ ਵਾਲਾ ਠੇਕੇਦਾਰੀ ਪ੍ਰਬੰਧ ਖ਼ਤਮ ਕਰ ਕੇ ਮਿਹਨਤਾਨਾ ਸਿੱਧਾ ਮੰਡੀ ਮਜ਼ਦੂਰਾਂ ਦੇ ਖਾਤਿਆਂ ’ਚ ਪਾਉਣਾ ਸ਼ੁਰੂ ਕੀਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਕੁਝ ਹੋਰ ਮੰਗਾਂ ਹਨ ਜਿਨ੍ਹਾਂ ਬਾਰੇ ਉਹ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਜਾਣੂੰ ਕਰਵਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੰਗਾਂ ਨਾ ਮੰਨੇ ਜਾਣ ਤੱਕ ਹੜਤਾਲ ਜਾਰੀ ਰਹੇਗੀ।
ਪੰਜਾਬ ਫੂਡ ਗਰੇਨ ਅਤੇ ਅਲਾਇਡ ਵਰਕਰਜ਼ ਯੂਨੀਅਨ ਦੇ ਪ੍ਰਧਾਨ ਅਵਤਾਰ ਸਿੰਘ ਬਿੱਲਾ ਨੇ ਦੱਸਿਆ ਕਿ ਇਹ ਹੜਤਾਲ ਸਾਰੇ ਪੰਜਾਬ ’ਚ ਚੱਲ ਰਹੀ ਹੈ ਅਤੇ ਇਸ ਦੌਰਾਨ ਕਿਸੇ ਵੀ ਸਟੇਸ਼ਨ ਤੇ ਗੋਦਾਮਾਂ ’ਚ ਲੋਡਿੰਗ, ਅਣਲੋਡਿੰਗ ਦਾ ਕੰਮ ਨਹੀਂ ਹੋ ਰਿਹਾ। ਧਰਨੇ ਨੂੰ ਪ੍ਰਧਾਨ ਮੇਸ਼ੀ ਸਹੋਤਾ, ਬਲਜੀਤ ਸਿੰਘ, ਨਿਰਮਲ ਸਿੰਘ, ਗੁਰਮੇਲ ਸਿੰਘ, ਹਰਪਾਲ ਸਿੰਘ, ਜਗਤਾਰ ਸਿੰਘ ਤੇ ਨਰਿੰਦਰ ਸਿੰਘ ਨੇ ਸੰਬੋਧਨ ਕੀਤਾ।
ਖੰਨਾ (ਨਿੱਜੀ ਪੱਤਰ ਪ੍ਰੇਰਕ): ਪੱਲੇਦਾਰ ਮਜ਼ਦੂਰ ਯੂਨੀਅਨਾਂ ਵੱਲੋਂ ਸਰਕਾਰ ਖ਼ਿਲਾਫ਼ ਆਰ-ਪਾਰ ਦੀ ਲੜਾਈ ਆਰੰਭ ਕਰਦੇ ਹੋਏ ਸੰਦੀਪ ਸਿੰਘ ਰੁਪਾਲੋਂ ਦੀ ਅਗਵਾਈ ਹੇਠ ਫੂਡ ਏਜੰਸੀਆਂ ਦੇ ਦਫ਼ਤਰਾਂ ਅੱਗੇ ਅਣਮਿੱਥੇ ਸਮੇਂ ਲਈ ਹੜਤਾਲ ਆਰੰਭ ਕੀਤੀ ਗਈ। ਇਸ ਮੌਕੇ ਸ੍ਰੀ ਰੁਪਾਲੋਂ ਨੇ ਕਿਹਾ ਕਿ ਜਿੰਨਾ ਚਿਰ ਫੂਡ ਏਜੰਸੀਆਂ ’ਚ ਕੰਮ ਕਰਦੇ ਪੱਲੇਦਾਰ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਚੋਣਾਂ ਸਮੇਂ ਵਾਅਦਾ ਕੀਤਾ ਸੀ ਕਿ ਸੱਤਾ ਵਿਚ ਆਉਣ ’ਤੇ ਫੂਡ ਏਜੰਸੀਆਂ ’ਚੋਂ ਠੇਕੇਦਾਰੀ ਸਿਸਟਮ ਖ਼ਤਮ ਕਰ ਕੇ ਪੱਲੇਦਾਰਾਂ ਨੂੰ ਸਿੱਧੀ ਅਦਾਇਗੀ ਕੀਤੀ ਜਾਵੇਗੀ ਪਰ 5 ਸਾਲ ਲੰਘ ਜਾਣ ’ਤੇ ਵੀ ਇਹ ਵਾਅਦਾ ਵਫ਼ਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਠੇਕੇਦਾਰਾਂ ਨਾਲ ਮਿਲ ਕੇ ਮਜ਼ਦੂਰਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਹੈ। ਸਰਕਾਰ ਵੱਲੋਂ ਆਪਣੇ ਚਹੇਤੇ ਠੇਕੇਦਾਰਾਂ ਨੂੰ ਉੱਚੇ ਭਾਅ ’ਤੇ ਟੈਂਡਰ ਦਿੱਤੇ ਜਾਂਦੇ ਹਨ ਪਰ ਮਜ਼ਦੂਰਾਂ ਨੂੰ ਉਹੀ 20 ਸਾਲ ਪੁਰਾਣੇ ਭਾਅ ’ਤੇ ਮਜ਼ਦੂਰੀ ਦਿੱਤੀ ਜਾਂਦੀ ਹੈ। ਇਸ ਮੌਕੇ ਅਮਰ ਸਿੰਘ ਭੱਟੀਆ, ਅਵਤਾਰ ਸਿੰਘ ਭੱਟੀ, ਹਰਨੇਕ ਸਿੰਘ, ਕਮਲੂ ਪਾਸਵਾਨ, ਅਸ਼ੋਕ ਪਾਸਵਾਨ ਆਦਿ ਹਾਜ਼ਰ ਸਨ।