ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 16 ਅਗਸਤ
ਪੰਛੀਆਂ ਦੇ ਨਾਲ-ਨਾਲ ਆਮ ਲੋਕਾਂ ਲਈ ਵੀ ਖਤਰਨਾਕ ਤੇ ਖੂਨੀ ਡੋਰ ਦੇ ਨਾਂ ਤੋਂ ਮਸ਼ਹੂਰ ਪਲਾਸਿਟਕ ਦੀ ਡੋਰ ਨੇ ਸ਼ਹਿਰ ’ਚ ਪਹਿਲਾਂ ਵੀ ਕਈ ਹਾਦਸੇ ਕੀਤੇ ਹਨ। ਆਜ਼ਾਦੀ ਦਿਹਾੜੇ ਮੌਕੇ ਆਪਣੇ ਪਿਤਾ ਦੇ ਨਾਲ ਬਾਜ਼ਾਰ ’ਚ ਸਾਮਾਨ ਖਰੀਦ ਕੇ ਵਾਪਸ ਆ ਰਿਹਾ ਛੇ ਸਾਲ ਦਾ ਬੱਚਾ ਪਲਾਸਟਿਕ ਡੋਰ ਦੀ ਲਪੇਟ ’ਚ ਆ ਗਿਆ ਤੇ ਗੰਭੀਰ ਰੂਪ ’ਚ ਫੱਟੜ ਹੋ ਗਿਆ। ਇੱਕਦਮ ਨਾਲ ਹਾਦਸੇ ਤੋਂ ਬਾਅਦ ਉਸਦੇ ਪਿਤਾ ਉਸ ਨੂੰ ਪ੍ਰਾਈਵੇਟ ਹਸਪਤਾਲ ਲੈ ਗਏ, ਜਿੱਥੇ ਕੁਝ ਸਮੇਂ ਬਾਅਦ ਬੱਚੇ ਦੀ ਮੌਤ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਜਾਂਚ ਤੋਂ ਬਾਅਦ ਪਿੰਡ ਗਿੱਲ ਸਥਿਤ ਈਸ਼ਰ ਨਗਰ ਬਲਾਕ ਸੀ ਵਾਸੀ ਦਕਸ਼ ਗਿਰੀ ਦੀ ਲਾਸ਼ ਪੋਸਟਮਾਰਟਮ ਕਰਵਾ ਵਾਰਸਾਂ ਹਵਾਲੇ ਕਰ ਦਿੱਤੀ ਹੈ। ਪੁਲੀਸ ਨੇ ਇਸ ਮਾਮਲੇ ’ਚ ਅਣਪਛਾਤੇ ਵਿਅਕਤੀ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਸਦਰ ਦੇ ਐੱਸਐਚਓ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦਕਸ਼ ਦੇ ਪਿਤਾ ਧੁੱਪ ਗਿਰੀ ਕਾਰ ਮਕੈਨਿਕ ਹਨ। ਆਜ਼ਾਦੀ ਦਿਵਸ ’ਤੇ ਛੁੱਟੀ ਹੋਣ ਕਾਰਨ ਦੋਵੇਂ ਪਿਓ ਪੁੱਤਰ ਦੁੱਗਰੀ ਇਲਾਕੇ ’ਚ ਸਾਮਾਨ ਖਰੀਦਣ ਲਈ ਗਏ ਸਨ। ਦੋਵੇਂ ਐਕਟਿਵਾ ’ਤੇ ਸਵਾਰ ਸਨ ਤੇ ਦਕਸ਼ ਅੱਗੇ ਖੜ੍ਹਾ ਸੀ। ਦੋਵੇਂ ਪਿਓ ਪੁੱਤਰ ਹੱਸਦੇ ਖੇਡਦੇ ਜਾ ਰਹੇ ਸਨ। ਇਸੇ ਦੌਰਾਨ ਰਸਤੇ ’ਚ ਜੀਐਨਈ ਕਾਲਜ ਕੋਲ ਇੱਕਦਮ ਪਲਾਸਟਿਕ ਡੋਰ ਅੱਗੇ ਆ ਗਈ ਤੇ ਦਕਸ਼ ਦੀ ਗਰਦਨ ਚੀਰੀ ਗਈ, ਜਿਸ ’ਤੇ ਦਕਸ਼ ਨੇ ਰੌਲਾ ਪਾਇਆ। ਖੂਨ ਨਿਕਲਣ ਤੋਂ ਬਾਅਦ ਉਹ ਉਸਨੂੰ ਪ੍ਰਾਈਵੇਟ ਹਸਪਤਾਲ ਲੈ ਗਿਆ, ਜਿੱਥੇ ਉਸਦੀ ਮੌਤ ਹੋ ਗਈ।