ਪੱਤਰ ਪ੍ਰੇਰਕ
ਮਾਛੀਵਾੜਾ, 7 ਜੂਨ
ਸਿਹਤ ਵਿਭਾਗ ਦੀ ਟੀਮ ਨੇ ਮਾਛੀਵਾੜਾ ਇਲਾਕੇ ਵਿੱਚ ਵੱਖ-ਵੱਖ ਥਾਵਾਂ ’ਤੇ ਛਾਪਾਮਾਰੀ ਕਰਕੇ ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਦੁਕਾਨਾਂ ’ਤੇ ਜਾ ਕੇ ਸੈਂਪਲ ਭਰੇ। ਜ਼ਿਲ੍ਹਾ ਸਿਹਤ ਅਧਿਕਾਰੀ ਰਾਜੇਸ਼ ਗਰਗ ਦੀ ਅਗਵਾਈ ਹੇਠ ਆਈ ਟੀਮ ’ਚ ਸ਼ਾਮਲ ਇੰਸਪੈਕਟਰ ਚਰਨਜੀਤ ਸਿੰਘ ਨੇ 4 ਦੁਕਾਨਾਂ ’ਤੇ ਜਾ ਕੇ ਵਸਤੂਆਂ ਦੀ ਸੈਂਪਲਿੰਗ ਕੀਤੀ ਗਈ। ਇਸ ਟੀਮ ਵੱਲੋਂ ਦੁੱਧ ਦੇ ਸੈਂਪਲ ਭਰਨ ਤੋਂ ਇਲਾਵਾ ਸਰ੍ਹੋਂ ਦੇ ਤੇਲ ਤੇ ਘਿਓ ਦੀ ਵੀ ਜਾਂਚ ਕੀਤੀ ਗਈ। ਇਸ ਟੀਮ ਵੱਲੋਂ ਅੱਜ ਸ਼ਹਿਰ ਵਿੱਚ ਬੇਕਰੀ ਦਾ ਸਾਮਾਨ ਤਿਆਰ ਕਰਨ ਵਾਲੀ ਫੈਕਟਰੀ, ਜਿਸ ਵਿੱਚ ਕੇਕ, ਪੇਸਟਰੀ ਤੇ ਹੋਰ ਸਾਮਾਨ ਤਿਆਰ ਹੁੰਦਾ ਹੈ, ਵਿਚੋਂ ਵੀ ਸੈਂਪਲ ਭਰੇ ਗਏ। ਇੰਸਪੈਕਟਰ ਚਰਨਜੀਤ ਸਿੰਘ ਨੇ ਦੱਸਿਆ ਕਿ ਇਹ ਜੋ ਸੈਂਪਲ ਲਏ ਗਏ ਹਨ, ਉਨ੍ਹਾਂ ਦੀ ਲੈਬੋਰੇਟਰੀ ’ਚ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਕੋਈ ਵੀ ਕੁਤਾਹੀ ਪਾਈ ਗਈ ਤਾਂ ਉਸ ਦੁਕਾਨਦਾਰ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਖਾਣ-ਪੀਣ ਦੀਆਂ ਵਸਤਾਂ ਵੇਚਣ ਵਾਲੇ ਦੁਕਾਨਦਾਰ ਫੂਡ ਸੇਫ਼ਟੀ ਲਾਇਸੈਂਸ ਜ਼ਰੂਰ ਬਣਾਉਣ।