ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 23 ਸਤੰਬਰ
ਬਿਹਾਰ ਦੇ ਜਹਾਨਾਬਾਦ ਦੇ ਤਸਕਰਾਂ ਦੇ ਸੰਪਰਕ ’ਚ ਆਇਆ ਨੌਜਵਾਨ ਪਾਰਸਲ ਬੁਆਏ ਬਣ ਕੇ ਰੇਲਗੱਡੀ ਰਾਹੀਂ ਲੁਧਿਆਣਾ ਸ਼ਹਿਰ ’ਚ ਨਸ਼ਾ ਸਪਲਾਈ ਕਰਨ ਲਈ ਪਹੁੰਚ ਗਿਆ। ਹੈਰਾਨੀਜਨਕ ਗੱਲ ਇਹ ਹੈ ਕਿ ਮੁਲਜ਼ਮ ਨੂੰ ਨਸ਼ਾ ਦੇਣ ਲਈ ਪੰਜ ਹਜ਼ਾਰ ਰੁਪਏ ਮਿਲਣੇ ਸਨ ਅਤੇ ਜਿਸ ਵਿਅਕਤੀ ਨੇ ਨਸ਼ਾ ਲੈਣਾ ਸੀ, ਉਸ ਨੇ ਖੁਦ ਹੀ ਮੁਲਜ਼ਮ ਨਾਲ ਸੰਪਰਕ ਕਰਨਾ ਸੀ, ਪਰ ਮੁਲਜ਼ਮ ਨੂੰ ਪਹਿਲਾਂ ਹੀ ਥਾਣਾ ਸਾਹਨੇਵਾਲ ਦੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਨੂੰ ਢੰਡਾਰੀ ਕਲਾਂ ਲੋਹੇ ਦੇ ਪੁਲ ਨੇੜੇ ਗਸ਼ਤ ਦੌਰਾਨ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਉਸ ਦੇ ਕਬਜ਼ੇ ’ਚੋਂ 250 ਗ੍ਰਾਮ ਅਫੀਮ ਸਣੇ 12 ਕਿਲੋ ਭੁੱਕੀ ਬਰਾਮਦ ਕੀਤੀ ਗਈ। ਇਸ ਮਾਮਲੇ ’ਚ ਪੁਲੀਸ ਨੇ ਬਿਹਾਰ ਦੇ ਜਹਾਨਾਬਾਦ ਦੇ ਪਿੰਡ ਨਵਾਦਾ ਵਾਸੀ ਹਿੰਮਤ ਕੁਮਾਰ ਖਿਲਾਫ਼ ਨਸ਼ਾ ਤਸਕਰੀ ਦਾ ਕੇਸ ਦਰਜ ਕੀਤਾ ਹੈ। ਪੁਲੀਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।