ਖੇਤਰੀ ਪ੍ਰਤੀਨਿਧ
ਲੁਧਿਆਣਾ, 27 ਅਗਸਤ
ਭਾਰਤੀ ਭੋਜਨ ਸੁਰੱਖਿਆ ਅਤੇ ਮਿਆਰ ਅਥਾਰਟੀ ਵੱਲੋਂ ਦੁੱਧ ਉਤਪਾਦਾਂ ਨੂੰ ਏ1 ਜਾਂ ਏ2 ਦੇ ਤੌਰ ’ਤੇ ਲੇਬਲ ਲਗਾਉਣ ਸਬੰਧੀ ਦਿੱਤੇ ਨੋਟਿਸ ਨੇ ਖ਼ਪਤਕਾਰਾਂ ਅਤੇ ਉਤਪਾਦਕਾਂ ਵਿਚ ਭਰਮ ਦੀ ਸਥਿਤੀ ਪੈਦਾ ਕਰ ਦਿੱਤੀ ਹੈ। ਇਸ ਅਥਾਰਿਟੀ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਦੁੱਧ ਤੇ ਦੁੱਧ ਦੇ ਉਤਪਾਦਾਂ ਨੂੰ ਏ1 ਜਾਂ ਏ2 ਵਜੋਂ ਲੇਬਲ ਨਹੀਂ ਕੀਤਾ ਜਾਣਾ ਚਾਹੀਦਾ। ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਲੁਧਿਆਣਾ ਦੇ ਉਪ ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਦੱਸਿਆ ਕਿ ਏ-2 ਦੁੱਧ ਤੋਂ ਭਾਵ ਉਹ ਦੁੱਧ ਹੈ ਜਿਸ ਵਿਚ ਸਿਰਫ਼ ਏ2 ਕਿਸਮ ਦਾ ਬੀਟਾ-ਕੇਸਿਨ ਪ੍ਰੋਟੀਨ ਹੁੰਦਾ ਹੈ ਜੋ ਮੁੱਖ ਤੌਰ ’ਤੇ ਜ਼ੇਬੂ ਨਸਲ ਦੀਆਂ ਦੇਸੀ ਗਾਂਵਾਂ, ਮੱਝਾਂ ਅਤੇ ਬੱਕਰੀਆਂ ਵਿਚ ਪਾਇਆ ਜਾਂਦਾ ਹੈ। ਇਤਿਹਾਸਿਕ ਤੌਰ ’ਤੇ ਵਧੇਰੇ ਪਸ਼ੂਆਂ ਵੱਲੋਂ ਏ2 ਕਿਸਮ ਦਾ ਦੁੱਧ ਹੀ ਪੈਦਾ ਕੀਤਾ ਜਾਂਦਾ ਸੀ ਜਦੋਂ ਤਕ ਕੁਝ ਯੂਰਪੀਅਨ ਨਸਲਾਂ ਵਿਚ ਅਣੂਵੰਸ਼ਿਕ ਤਬਦੀਲੀਆਂ ਨਹੀਂ ਹੋਈਆਂ ਜਿਸ ਨਾਲ ਏ2 ਤੋਂ ਇਲਾਵਾ ਏ1 ਬੀਟਾ- ਕੇਸਿਨ ਦਾ ਉਤਪਾਦਨ ਵੀ ਸ਼ੁਰੂ ਹੋ ਗਿਆ। ਭਾਰਤੀ ਦੇਸੀ ਨਸਲਾਂ – ਸਾਹੀਵਾਲ, ਗਿਰ ਅਤੇ ਲਾਲ ਸਿੰਧੀ ਅਤੇ ਮੱਝਾਂ ਤੇ ਬੱਕਰੀਆਂ ਕੁਦਰਤੀ ਤੌਰ ’ਤੇ ਏ2 ਦੁੱਧ ਪੈਦਾ ਕਰਦੀਆਂ ਹਨ।
ਡਾ. ਸਿੰਘ ਨੇ ਕਿਹਾ ਕਿ ਹਾਲਾਂਕਿ ਏ1 ਦੁੱਧ ਵਿਚ ਓਪੀਔਡ ਕਿਸਮ ਦਾ ਮੈਟਾਬਲਿਜ਼ਮ ਮਿਲਦਾ ਹੈ ਪਰ ਮੁੱਖ ਤੌਰ ’ਤੇ ਏ-1 ਕਿਸਮ ਦਾ ਦੁੱਧ ਪੀਣ ਵਾਲੇ ਲੋਕਾਂ ਵਿੱਚ ਇਸਦੇ ਮਾੜੇ ਪ੍ਰਭਾਵਾਂ ਦੀ ਕੋਈ ਜਾਣਕਾਰੀ ਨਹੀਂ ਪਾਈ ਗਈ। ਇਸ ਦੇ ਬਾਵਜੂਦ, ਸਮਝੇ ਗਏ ਅਤੇ ਜਨਤਕ ਕੀਤੇ ਗਏ ਸਿਹਤ ਲਾਭਾਂ ਕਾਰਨ ਖ਼ਪਤਕਾਰਾਂ ਦੀ ਤਰਜੀਹ ਏ2 ਦੁੱਧ ਵੱਲ ਬਦਲ ਗਈ। ਜਨਤਕ ਮੰਗ ਦੇ ਅਨੁਸਾਰ, ਇਹ ਮਹੱਤਵਪੂਰਨ ਹੈ ਕਿ ਦੁੱਧ ਅਤੇ ਦੁੱਧ ਦੇ ਉਤਪਾਦਾਂ ਨੂੰ ਸੱਚਮੁੱਚ ਹੀ ਏ2 ਵਜੋਂ ਲੇਬਲ ਕੀਤਾ ਜਾਵੇ ਜੇ ਉਹ ਅਸਲ ਵਿੱਚ ਏ2 ਦੁੱਧ ਤੋਂ ਤਿਆਰ ਕੀਤੇ ਗਏ ਹਨ। ਹਾਲਾਂਕਿ, ਘਿਓ ਜੋ ਕਿ ਚਰਬੀ ਵਾਲਾ ਹੁੰਦਾ ਹੈ ਅਤੇ ਇਸ ਵਿੱਚ ਕੋਈ ਪ੍ਰੋਟੀਨ ਨਹੀਂ ਹੁੰਦਾ, ਉਸ ਨੂੰ ਏ2 ਘਿਓ ਵਜੋਂ ਲੇਬਲ ਨਹੀਂ ਕੀਤਾ ਜਾ ਸਕਦਾ।
ਗੁਮਰਾਹਕੁਨ ਲੇਬਲਾਂ ਤੋਂ ਸੁਚੇਤ ਰਹਿਣ ਦੀ ਸਲਾਹ
ਕਾਲਜ ਆਫ਼ ਡੇਅਰੀ ਅਤੇ ਫੂਡ ਸਾਇੰਸ ਟੈਕਨਾਲੋਜੀ ਦੇ ਡੀਨ ਡਾ. ਰਾਮ ਸਰਨ ਸੇਠੀ ਨੇ ਕਿਹਾ ਕਿ ਭਾਰਤੀ ਭੋਜਨ ਸੁਰੱਖਿਆ ਅਤੇ ਮਿਆਰ ਅਥਾਰਟੀ ਵੱਲੋਂ ਹਾਲ ਹੀ ਵਿੱਚ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਨੂੰ ਅਗਲੇ ਹੀ ਦਿਨ ਉਨ੍ਹਾਂ ਵੱਲੋਂ ਵਾਪਸ ਲੈ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ’ਵਰਸਿਟੀ ਵੱਲੋਂ ਸਾਹੀਵਾਲ ਘਿਓ, ਸਾਹੀਵਾਲ ਗਾਵਾਂ ਦੇ ਏ-2 ਦੁੱਧ ਤੋਂ ਤਿਆਰ ਕੀਤਾ ਗਿਆ ਹੈ, ਜੋ ਖਪਤਕਾਰਾਂ ਨੂੰ ਸਹੀ ਅਤੇ ਪਾਰਦਰਸ਼ੀ ਜਾਣਕਾਰੀ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਖਪਤਕਾਰਾਂ ਨੂੰ ਡੇਅਰੀ ਉਤਪਾਦਾਂ ਦੀ ਚੋਣ ਕਰਨ ਸਮੇਂ ਸਹੀ ਅਤੇ ਪ੍ਰਮਾਣਿਤ ਜਾਣਕਾਰੀ ’ਤੇ ਭਰੋਸਾ ਕਰਨ ਅਤੇ ਗੁੰਮਰਾਹਕੁਨ ਲੇਬਲਾਂ ਤੋਂ ਸੁਚੇਤ ਰਹਿਣ ਦੀ ਸਲਾਹ ਵੀ ਦਿੱਤੀ ਹੈ।