ਪੱਤਰ ਪ੍ਰੇਰਕ
ਮਾਛੀਵਾੜਾ, 23 ਮਈ
ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਪਿਛਲੀ ਕਾਂਗਰਸ ਸਰਕਾਰ ਮੌਕੇ ਜਾਰੀ ਕੀਤੀ ਗਈ 70 ਲੱਖ ਰੁਪਏ ਦੀ ਗਰਾਂਟ ਵਾਪਸ ਮੰਗਵਾ ਕੇ ਵਿਕਾਸ ਕਾਰਜ ਰੋਕਣ ਦਾ ਦੋਸ਼ ਲੱਗਿਆ ਹੈ। ਅੱਜ ਨਗਰ ਕੌਂਸਲ ਮਾਛੀਵਾੜਾ ਦੇ ਦਫ਼ਤਰ ਵਿੱਚ ਪ੍ਰਧਾਨ ਸੁਰਿੰਦਰ ਕੁੰਦਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੀ ਕਾਂਗਰਸ ਸਰਕਾਰ ਮੌਕੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਦੀ ਗਰਾਂਟ ਮੁਹੱਈਆ ਕਰਵਾਈ ਸੀ ਜਿਸ ’ਚੋਂ ਕਾਫ਼ੀ ਵਿਕਾਸ ਕਾਰਜ ਮੁਕੰਮਲ ਕਰਵਾ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਚੋਣ ਜ਼ਾਬਤਾ ਲੱਗਣ ਕਾਰਨ ਕੁਝ ਨਿਰਮਾਣ ਕਾਰਜਾਂ ਦੇ ਟੈਂਡਰ ਲੱਗਣ ਤੋਂ ਰਹਿ ਗਏ ਸਨ ਪਰ ਹੁਣ ਜਦੋਂ ਟੈਂਡਰ ਪ੍ਰਕਿਰਿਆ ਮੁਕੰਮਲ ਹੋਈ ਤਾਂ ‘ਆਪ’ ਸਰਕਾਰ ਨੇ ਇਹ ਰਾਸ਼ੀ ਵਾਪਸ ਮੰਗਵਾ ਲਈ ਹੈ।
ਪ੍ਰਧਾਨ ਕੁੰਦਰਾ ਨੇ ਕਿਹਾ ਕਿ ਉਹ ‘ਆਪ’ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕਰਦੇ ਹਨ ਕਿ ਇਤਿਹਾਸਕ ਸ਼ਹਿਰ ਮਾਛੀਵਾੜਾ ਦੀ ਮਹੱਤਤਾ ਨੂੰ ਦੇਖਦਿਆਂ ਜਿੱਥੇ ਇਹ ਗਰਾਂਟ ਰਾਸ਼ੀ ਵਾਪਸ ਕੀਤੀ ਜਾਵੇ ਉੱਥੇ ਨਵੀਆਂ ਗਰਾਂਟਾਂ ਭੇਜੀਆਂ ਜਾਣ।
ਲੋਕਾਂ ਦੀ ਜ਼ਰਰੂਤ ਅਨੁਸਾਰ ਮੁੜ ਗਰਾਂਟ ਜਾਰੀ ਕਰਾਂਗੇ: ਵਿਧਾਇਕ
ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਸੂਬੇ ਦੀਆਂ ਨਗਰ ਕੌਂਸਲਾਂ ਵੱਲੋਂ ਜਿਨ੍ਹਾਂ ਗਰਾਂਟਾਂ ਦੀ ਵਰਤੋਂ ਨਹੀਂ ਕੀਤੀ ਗਈ ਉਹ ਵਾਪਸ ਮੰਗਵਾ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਮੌਕੇ ਲੋਕਾਂ ਦੀ ਜ਼ਰੂਰਤ ਅਨੁਸਾਰ ਗਰਾਂਟਾ ਜਾਰੀ ਨਹੀਂ ਕੀਤੀਆਂ ਗਈਆਂ, ਇਸ ਲਈ ਹੁਣ ਮਾਛੀਵਾੜਾ ਸ਼ਹਿਰ ਦੇ ਵਿਕਾਸ ਲਈ ਅਤੇ ਲੋਕਾਂ ਦੀ ਮੰਗ ਅਨੁਸਾਰ ਸੁਚੱਜੇ ਢੰਗ ਨਾਲ ਮੁੜ ਗਰਾਂਟਾਂ ਜਾਰੀ ਕੀਤੀਆਂ ਜਾਣਗੀਆਂ।