ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 2 ਜੁਲਾਈ
ਇੱਥੋਂ ਦੀ ਲੋਕ ਸੇਵਾ ਸੁਸਾਇਟੀ ਵੱਲੋਂ ਮਰਹੂਮ ਸੁਸ਼ੀਲ ਜੈਨ ਦੀ ਯਾਦ ’ਚ ਅੱਜ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿੱਚ ਆਰਓ ਸਿਸਟਮ ਵਾਲਾ ਵਾਟਰ ਕੂਲਰ ਲਗਾਇਆ ਗਿਆ। ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੂੰ ਇਸ ਮੌਕੇ ਬਤੌਰ ਮੁੱਖ ਮਹਿਮਾਨ ਵਜੋਂ ਸੱਦਿਆ ਗਿਆ। ਉਨ੍ਹਾਂ ਸੁਸਾਇਟੀ ਵੱਲੋਂ ਸ਼ਹਿਰ ਤੋਂ ਇਲਾਵਾ ਪਿੰਡਾਂ ’ਚ ਵੀ ਸਮਾਜ ਸੇਵੀ ਤੇ ਵਿਕਾਸ ਕਾਰਜਾਂ ’ਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ। ਮੀਡੀਆ ਨਾਲ ਗੱਲਬਾਤ ਦੌਰਾਨ ਵਿਧਾਇਕ ਮਾਣੂੰਕੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਸਮੇਂ ਜੋ ਵਾਅਦੇ ਕੀਤੇ ਸਨ, ਉਹ ਇਕ-ਇਕ ਕਰ ਕੇ ਪੂਰੇ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੇ ਵਾਅਦੇ ਅਨੁਸਾਰ ਪਹਿਲੀ ਜੁਲਾਈ ਤੋਂ ਮੁਫ਼ਤ ਬਿਜਲੀ ਦੇਣ ਦਾ ਐਲਾਨ ਕਰ ਦਿੱਤਾ ਹੈ। ਤਿੰਨ ਮਹੀਨੇ ਦੇ ਸਮੇਂ ਅੰਦਰ ਹੀ ਜਿੱਥੇ ਕਈ ਵਾਅਦੇ ਪੂਰੇ ਕੀਤੇ ਹਨ ਉਥੇ ਹੀ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਸਖ਼ਤ ਕਦਮ ਚੁੱਕੇ ਗਏ। ਇਸੇ ਦਾ ਨਤੀਜਾ ਹੈ ਕਿ ਅੱਜ ਲੋਕਾਂ ਦੇ ਕੰਮ ਬਿਨਾਂ ਰਿਸ਼ਵਤ ਦੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵੱਲੋਂ ਪੇਸ਼ ਪਹਿਲਾ ਬਜਟ ਵੀ ਲੋਕ-ਪੱਖੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ‘ਆਪ’ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਉੱਤਰ ਰਹੀ ਹੈ ਅਤੇ ਲੋਕ ਸਰਕਾਰ ਤੋਂ ਪੂਰੀ ਤਰ੍ਹਾਂ ਖੁਸ਼ ਹਨ।
ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਅਤੇ ਸਰਪ੍ਰਸਤ ਰਾਜਿੰਦਰ ਜੈਨ ਤੋਂ ਇਲਾਵਾ ਡਾਇਰੇਕਟਰ ਪ੍ਰੀਤਮ ਸਿੰਘ ਅਖਾੜਾ, ਕੈਪਟਨ ਨਰੇਸ਼ ਵਰਮਾ, ਪ੍ਰਿੰਸੀਪਲ ਗੁਰਸ਼ਰਨ ਕੌਰ ਲਾਂਬਾ ਆਦਿ ਹਾਜ਼ਰ ਸਨ।