ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 2 ਜੁਲਾਈ
ਆਮ ਆਦਮੀ ਪਾਰਟੀ ਦੀ ਵਿਧਾਇਕ ਅਤੇ ਵਿਰੋਧੀ ਧਿਰ ਦੀ ਉਪ ਨੇਤਾ ਸਰਵਜੀਤ ਕੌਰ ਮਾਣੂੰਕੇ ਦਾ ਸਥਾਨਕ ਐੱਸਡੀਐੱਮ ਨਾਲ ਰੇੜਕਾ ਪੈ ਗਿਆ। ਐੱਸਡੀਐੱਮ ਦੇ ਰਵੱਈਏ ਤੋਂ ਖ਼ਫਾ ਵਿਧਾਇਕਾ ਨੇ ਵਿਧਾਨ ਸਭਾ ਦੇ ਸਪੀਕਰ ਤੋਂ ਇਲਾਵਾ ਰਾਜਪਾਲ ਪੰਜਾਬ ਨੂੰ ਵੀ ਪੱਤਰ ਲਿਖਿਆ ਹੈ ਤੇ ਕਾਰਵਾਈ ਦੀ ਮੰਗ ਕੀਤੀ ਹੈ। ਬੀਬੀ ਮਾਣੂੰਕੇ ਨੇ ਦੱਸਿਆ ਕਿ ਉਨ੍ਹਾਂ ਅੱਜ ਸਫ਼ਾਈ ਕਰਮਚਾਰੀਆਂ ਅਤੇ ਕਿਸਾਨਾਂ ਵੱਲੋਂ ਲਾਏ ਜਾ ਰਹੇ ਧਰਨਿਆਂ ਦੇ ਹੱਲ ਲਈ ਐੱਸਡੀਐੱਮ ਨਰਿੰਦਰਪਾਲ ਸਿੰਘ ਧਾਲੀਵਾਲ ਨੂੰ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੀਟਿੰਗ ਸੱਦਣ ਲਈ ਕਿਹਾ ਸੀ। ਜਦੋਂ ਵਿਧਾਇਕਾ ਮਾਣੂੰਕੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਲਈ ਪਹੁੰਚੇ ਤਾਂ ਐੱਸਡੀਐੱਮ ਅਤੇ ਤਹਿਸੀਲਦਾਰ ਤੋਂ ਬਿਨਾਂ ਹੋਰ ਕੋਈ ਵੀ ਅਧਿਕਾਰੀ ਹਾਜ਼ਰ ਨਹੀਂ ਸੀ। ਇਸ ’ਤੇ ਤੈਸ਼ ’ਚ ਆਈ ਵਿਧਾਇਕਾ ਨੇ ਆਖਿਆ ਕਿ ਐੱਸਡੀਐੱਮ ਦਫ਼ਤਰ ਵੱਲੋਂ ਅਧਿਕਾਰੀਆਂ ਨੂੰ ਇਹ ਕਹਿ ਕੇ ਰੋਕਿਆ ਗਿਆ ਕਿ ਮੀਟਿੰਗ ਤਾਂ ਰੱਦ ਹੋ ਗਈ ਹੈ। ਐੱਸਡੀਐੱਮ ਨਹੀਂ ਸੀ ਚਾਹੁੰਦਾ ਕਿ ਹਲਕਾ ਵਿਧਾਇਕ ਦੀ ਅਗਵਾਈ ’ਚ ਇਹ ਮੀਟਿੰਗ ਹੋਵੇ।
ਐੱਸਡੀਐੱਮ ਨੇ ਦੋਸ਼ ਨਕਾਰੇ
ਐੱਸਡੀਐੱਮ ਨਰਿੰਦਰਪਾਲ ਸਿੰਘ ਧਾਲੀਵਾਲ ਨੇ ਸੰਪਰਕ ਕਰਨ ’ਤੇ ਵਿਧਾਇਕ ਮਾਣੂੰਕੇ ਵੱਲੋਂ ਲਾਏ ਦੋਸ਼ਾਂ ਨੂੰ ਨਕਾਰਿਆ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਮੀਟਿੰਗ ’ਚ ਹਾਜ਼ਰ ਸਨ ਤੇ ਬਾਕੀ ਅਧਿਕਾਰੀ ਵੀ ਸੱਦੇ ਹੋਏ ਸਨ। ਉਨ੍ਹਾਂ ਕਿਹਾ ਕਿ ਮੀਟਿੰਗ ’ਚ ਕੋਈ ਨਾਰਾਜ਼ਗੀ ਵਾਲੀ ਗੱਲ ਹੀ ਨਹੀਂ ਹੋਈ।