ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 24 ਸਤੰਬਰ
ਝੋਨੇ ਦੀ ਖਰੀਦ ਲਈ ਸਥਾਨਕ ਪੁਰਾਣੀ ਦਾਣਾ ਮੰਡੀ ਦੀ ਮੰਦਰ ਵਾਲੀ ਧਰਮਸ਼ਾਲਾ ’ਚ ਆੜ੍ਹਤੀ ਐਸੋਸੀਏਸ਼ਨ ਦੀ ਮੀਟਿੰਗ ਹੋਈ। ਇਸ ’ਚ ਪਹਿਲੀ ਅਕਤੂਬਰ ਤੋਂ ਮੰਡੀਆਂ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ। ਪ੍ਰਧਾਨ ਕਨ੍ਹੱਈਆ ਗੁਪਤਾ ਬਾਂਕਾ ਦੀ ਅਗਵਾਈ ਹੇਠ ਹੋਈ ਮੀਟਿੰਗ ’ਚ ਫ਼ੈਸਲਾ ਲਿਆ ਗਿਆ ਕਿ ਇੱਕ ਅਕਤੂਬਰ ਤੋਂ ਝੋਨੇ ਦੀ ਸ਼ੁਰੂ ਹੋਣ ਵਾਲੀ ਸਰਕਾਰੀ ਖਰੀਦ ਦਾ ਬਾਈਕਾਟ ਕੀਤਾ ਜਾਵੇਗਾ ਅਤੇ ਇੱਕ ਅਕਤੂਬਰ ਤੋਂ ਮੰਡੀ ਬੰਦ ਰਹੇਗੀ। ਸੂਬਾ ਪ੍ਰਧਾਨ ਵਿਜੇ ਕਾਲੜਾ ਦੀ ਅਗਵਾਈ ’ਚ ਇੱਕ ਅਕਤੂਬਰ ਤੋਂ ਹੋਣ ਜਾਣ ਵਾਲੀ ਹੜਤਾਲ ਓਨਾ ਚਿਰ ਚੱਲੇਗੀ, ਜਿੰਨੀ ਦੇਰ ਆੜ੍ਹਤੀਆਂ ਦੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ। ਆੜ੍ਹਤੀ ਆਗੂਆਂ ਨੇ ਦੱਸਿਆ ਕਿ ਮੁੱਖ ਮੰਗ ਢਾਈ ਫ਼ੀਸਦ ਦਾਮੀ ਹੈ। ਪੰਜਾਬ ਮੰਡੀ ਬੋਰਡ ਦੇ ਕਾਨੂੰਨ ਮੁਤਾਬਕ ਆੜ੍ਹਤੀਆਂ ਨੂੰ ਢਾਈ ਫ਼ੀਸਦ ਦਾਮੀ ਮਿਲਣੀ ਚਾਹੀਦੀ ਹੈ ਪਰ ਇਹ 46 ਰੁਪਏ ਫਿਕਸ ਕਰ ਦਿੱਤੀ ਗਈ ਹੈ। ਦੂਜੀ ਮੰਗ ਆੜ੍ਹਤੀਆਂ ਦਾ ਕੱਟਿਆ ਈਪੀਐੱਫ ਵਾਪਸ ਕਰਨ ਦੀ ਹੈ ਜੋ 50 ਕਰੋੜ ਰੁਪਏ ਬਣਦਾ ਹੈ। ਹੜਤਾਲ ਦੌਰਾਨ ਨਾ ਤਾਂ ਮੰਡੀਆਂ ’ਚ ਝੋਨਾ ਲਾਹਿਆ ਜਾਵੇਗਾ, ਨਾ ਸਫ਼ਾਈ ਕੀਤੀ ਜਾਵੇਗੀ ਅਤੇ ਨਾ ਹੀ ਹੋਰ ਕੋਈ ਕੰਮ। ਪਹਿਲੀ ਅਕਤੂਬਰ ਤੋਂ ਰੋਜ਼ਾਨਾ ਆੜ੍ਹਤੀ ਜਗਰਾਉਂ ਨਵੀਂ ਮੰਡੀ ’ਚ ਮਾਰਕੀਟ ਕਮੇਟੀ ਦਫ਼ਤਰ ਮੂਹਰੇ ਧਰਨਾ ਦਿਆ ਕਰਨਗੇ। ਮੀਟਿੰਗ ’ਚ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਭੱਲਾ ਤੇ ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਮੱਲ੍ਹਾ ਤੋਂ ਇਲਾਵਾ ਸਾਬਕਾ ਪ੍ਰਧਾਨ ਸੁਰਜੀਤ ਸਿੰਘ ਕਲੇਰ, ਜਗਜੀਤ ਸਿੰਘ ਸਿੱਧੂ, ਭੂਸ਼ਣ ਗੋਇਲ, ਬਲਰਾਜ ਸਿੰਘ ਖਹਿਰਾ, ਸਵਰਨਜੀਤ ਸਿੰਘ ਗਿੱਲ, ਜਤਿੰਦਰ ਸਿੰਘ ਸਰਾਂ, ਗੁਰਮੀਤ ਸਿੰਘ ਦੌਧਰ, ਧਰਮਿੰਦਰ ਕੁਮਾਰ ਤੇ ਮਨੋਹਰ ਲਾਲ ਆਦਿ ਆੜ੍ਹਤੀ ਹਾਜ਼ਰ ਸਨ।