ਸੰਤੋਖ ਸਿੰਘ ਗਿੱਲ
ਗੁਰੂਸਰ ਸੁਧਾਰ, 1 ਅਗਸਤ
ਲਗਪਗ ਦਸ ਹਜ਼ਾਰ ਦੀ ਆਬਾਦੀ ਵਾਲੇ ਕਸਬੇ ਨਵੀਂ ਆਬਾਦੀ ਅਕਾਲਗੜ੍ਹ (ਸੁਧਾਰ ਬਾਜ਼ਾਰ) ਦੀ ਸਾਰੀ ਗੰਦਗੀ ਅਤੇ ਕੂੜਾ-ਕਰਕਟ ਇੱਥੋਂ ਲੰਘਦੀ ਅਬੋਹਰ ਬਰਾਂਚ ਨਹਿਰ ਵੱਲੋਂ ਢੋਇਆ ਜਾ ਰਿਹਾ ਹੈ। ਇਹ ਪਲੀਤ ਹੋਇਆ ਪਾਣੀ ਇਲਾਕੇ ਦੇ ਖੇਤਾਂ ਦੀ ਸਿੰਚਾਈ ਤੋਂ ਇਲਾਵਾ ਅਬੋਹਰ ਸਮੇਤ ਸਰਹੱਦੀ ਇਲਾਕੇ ਦੇ ਲੋਕ ਪੀਣ ਲਈ ਵੀ ਮਜਬੂਰ ਹਨ।
ਇਸ ਤੋਂ ਇਲਾਵਾ ਲੁਧਿਆਣਾ-ਬਠਿੰਡਾ ਰਾਜ ਮਾਰਗ ’ਤੇ ਅਬੋਹਰ ਬਰਾਂਚ ਨਹਿਰ ਉੱਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੇ ਪੁਲ ਲਈ ਵੀ ਇਹ ਕੂੜੇ ਦਾ ਅੰਬਾਰ ਖ਼ਤਰਾ ਬਣਿਆ ਹੋਇਆ ਹੈ, ਕਿਉਂਕਿ ਗਿੱਲੇ ਕਚਰੇ ਕਾਰਨ ਧਾਤ ਦੇ ਪੁਲ ਦੀ ਨੀਂਹ ਗਲਣੀ ਸ਼ੁਰੂ ਹੋ ਗਈ ਹੈ। ਕਸਬਾ ਨਵੀਂ ਅਬਾਦੀ ਅਕਾਲਗੜ੍ਹ 1992 ਵਿੱਚ ਬੇਅੰਤ ਸਿੰਘ ਸਰਕਾਰ ਦੇ ਕਾਰਜਕਾਲ ਦੌਰਾਨ ਹੋਂਦ ਵਿਚ ਆਇਆ ਸੀ। ਇਸ ਦੀ ਵੱਖਰੀ ਪੰਚਾਇਤ ਬਣਾ ਦਿੱਤੀ ਗਈ ਸੀ, ਪਰ ਗਿੱਲਾ-ਸੁੱਕਾ ਕਚਰਾ ਨਿਪਟਾਉਣ ਲਈ ਪੰਚਾਇਤ ਕੋਲ ਇੱਕ ਇੰਚ ਥਾਂ ਨਹੀਂ ਹੈ। ਇਸੇ ਕਾਰਨ ਘਰਾਂ, ਸ਼ਹਿਰ ਦੇ ਰੈਸਟੋਰੈਂਟ, ਢਾਬਿਆਂ ਅਤੇ ਨਹਿਰੀ ਵਿਭਾਗ ਦੀ ਜ਼ਮੀਨ ਵਿੱਚ ਬਣੀ ਗਊਸ਼ਾਲਾ ਦੇ ਮਲ-ਮੂਤਰ ਤੋਂ ਇਲਾਵਾ ਇੱਕ ਹਜ਼ਾਰ ਦੇ ਕਰੀਬ ਦੁਕਾਨਦਾਰਾਂ ਦਾ ਕੂੜਾ ਵੀ ਕਸਬੇ ਦੀ ਪੰਚਾਇਤ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਹੈ। ਇਸੇ ਕਾਰਨ ਲੋਕ ਅੱਖ ਬਚਾਅ ਕੇ ਕੂੜਾ ਅਬੋਹਰ ਬਰਾਂਚ ਨਹਿਰ ਵਿੱਚ ਹੀ ਸੁੱਟ ਦਿੰਦੇ ਹਨ। ਭਾਰਤੀ ਹਵਾਈ ਸੈਨਾ ਦੇ ਘਰੇਲੂ ਅਤੇ ਰਿਹਾਇਸ਼ੀ ਕੰਪਲੈਕਸ ਦਾ ਕੂੜਾ ਵੀ ਇੱਥੇ ਹੀ ਖਪਤ ਹੁੰਦਾ ਹੈ। ਕੂੜੇ ਦਾ ਵੱਡਾ ਹਿੱਸਾ ਅਬੋਹਰ ਬਰਾਂਚ ਨਹਿਰ ’ਤੇ ਬਣੇ ਧਾਤ ਦੇ ਭਾਰੀ ਪੁਲ ਦੇ ਦੋਵੇਂ ਪਾਸੇ ਸੁੱਟੇ ਜਾਣ ਕਾਰਨ ਇਸ ਦਾ ਮੂਲ ਆਧਾਰ ਗਲ਼ਣਾ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਸੰਪਰਕ ਕਰਨ ’ਤੇ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਪ੍ਰਦੀਪ ਕੁਮਾਰ ਨੇ ਕਿਹਾ ਕਿ ਮਾਮਲਾ ਗੰਭੀਰ ਹੈ ਅਤੇ ਪੁਲ ਨੂੰ ਨੁਕਸਾਨ ਪਹੁੰਚਾਉਣ ਵਾਲੇ ਲੋਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਲਈ ਲੁਧਿਆਣਾ (ਦਿਹਾਤੀ) ਪੁਲੀਸ ਦੇ ਐੱਸਐੱਸਪੀ ਨੂੰ ਲਿਖਣਗੇ।
ਇਸ ਸਬੰਧੀ ਸਿੰਚਾਈ ਵਿਭਾਗ ਦੇ ਉਪ ਮੰਡਲ ਅਫ਼ਸਰ ਮੁਕਲ ਅਗਰਵਾਲ ਨੇ ਕਿਹਾ ਕਿ ਉਹ ਇਸ ਸਬੰਧੀ ਡਿਪਟੀ ਕਮਿਸ਼ਨਰ ਲੁਧਿਆਣਾ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਤੋਂ ਇਲਾਵਾ ਸਥਾਨਕ ਪੰਚਾਇਤ ਨੂੰ ਵੀ ਕਾਰਵਾਈ ਲਈ ਲਿਖਤੀ ਜਾਣਕਾਰੀ ਦੇਣਗੇ।