ਪੱਤਰ ਪ੍ਰੇਰਕ
ਮਾਛੀਵਾੜਾ, 14 ਅਕਤੂਬਰ
ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰ ਕੇ ਪਰਤ ਰਹੇ ਸ਼ਰਧਾਲੂਆਂ ਨਾਲ ਸਰਹਿੰਦ ਨਹਿਰ ਕੰਢੇ ਪਿੰਡ ਜਲਾਹ ਮਾਜਰਾ ਵਿੱਚ ਵਾਪਰੇ ਸੜਕ ਹਾਦਸੇ ’ਚ ਇੱਕ ਔਰਤ ਓਮਾ ਦੇਵੀ ਵਾਸੀ ਹੀਰੋ ਨਗਰ, ਲੁਹਾਰਾ ਜ਼ਿਲਾ ਲੁਧਿਆਣਾ ਦੀ ਮੌਤ ਹੋ ਗਈ ਜਦਕਿ ਉਸ ਦੀ ਭਾਣਜੀ ਅੰਮ੍ਰਿਤਾ ਜ਼ਖ਼ਮੀ ਹੋ ਗਈ।
ਪੁਲੀਸ ਕੋਲ ਮ੍ਰਿਤਕਾ ਦੇ ਪਤੀ ਵਿਨੋਦ ਕੁਮਾਰ ਨੇ ਬਿਆਨ ਦਰਜ ਕਰਵਾਏ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਪਤਨੀ ਓਮਾ ਦੇਵੀ, ਪੁੱਤਰ ਜਤਿੰਦਰ ਕੁਮਾਰ, ਨੂੰਹ ਕੌਸ਼ੱਲਿਆ ਦੇਵੀ ਅਤੇ ਭਾਣਜੀ ਅੰਮ੍ਰਿਤਾ ਨਾਲ ਟੈਂਪੂ ਰਾਹੀਂ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ ਗਏ ਸਨ। ਟੈਂਪੂ ਦਾ ਚਾਲਕ ਮੁਕੇਸ਼ ਕੁਮਾਰ ਵਾਪਸੀ ਦੌਰਾਨ ਜਦੋਂ ਉਨ੍ਹਾਂ ਨੂੰ ਵਾਪਸ ਰੂਪਨਗਰ ਤੋਂ ਲੁਧਿਆਣਾ ਵੱਲ ਸਰਹਿੰਦ ਨਹਿਰ ਕੰਢੇ ਤੋਂ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਪਿੰਡ ਜਲਾਹ ਮਾਜਰਾ ਨੇੜੇ ਸੜਕ ਕੰਢੇ ਟੈਂਪੂ ਰੋਕ ਕੇ ਹੇਠਾਂ ਉਤਰੇ ਜਦਕਿ ਉਸ ਦੀ ਪਤਨੀ ਓਮਾ ਦੇਵੀ ਤੇ ਭਾਣਜੀ ਅੰਮ੍ਰਿਤਾ ਟੈਂਪੂ ਵਿਚ ਹੀ ਬੈਠੀਆਂ ਸਨ। ਇਸ ਦੌਰਾਨ ਇੱਕ ਤੇਜ਼ ਰਫ਼ਤਾਰ ਕੈਂਟਰ ਨੇ ਟੈਂਪੂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਉਸ ਦੀ ਪਤਨੀ ਨੂੰ ਜ਼ਖ਼ਮੀ ਹਾਲਤ ’ਚ ਟੈਂਪੂ ’ਚੋਂ ਬਾਹਰ ਕੱਢਿਆ ਗਿਆ ਤਾਂ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ ਜਦਕਿ ਉਸ ਦੀ ਭਾਣਜੀ ਅੰਮ੍ਰਿਤਾ ਗੰਭੀਰ ਜ਼ਖ਼ਮੀ ਸੀ।
ਕੈਂਟਰ ਚਾਲਕ ਨੇ ਉਨ੍ਹਾਂ ਨੂੰ ਆਪਣਾ ਨਾਮ ਅਭੀਲਾਖ ਸਿੰਘ ਵਾਸੀ ਗਿਆਸਪੁਰਾ ਦੱਸਿਆ ਪਰ ਜਦੋਂ ਉਸ ਨੇ ਦੇਖਿਆ ਕਿ ਹਾਦਸੇ ਕਾਰਨ ਟੈਂਪੂ ਸਵਾਰ ਔਰਤ ਦੀ ਮੌਤ ਹੋ ਚੁੱਕੀ ਹੈ ਤਾਂ ਉਹ ਭੱਜ ਗਿਆ। ਪੁਲੀਸ ਨੇ ਕੈਂਟਰ ਚਾਲਕ ਖਿਲਾਫ਼ ਕੇਸ ਦਰਜ ਕਰ ਲਿਆ ਹੈ।