ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 26 ਅਪਰੈਲ
ਪੰਜਾਬ ’ਚ ਵੱਡੇ ਵੱਡੇ ਵਿਕਾਸ ਦੀ ਗੱਲ ਹੁੰਦੀ ਹੈ, ਪਰ ਸੱਚਾਈ ਕੁਝ ਹੋਰ ਹੀ ਹੈ। ਹਾਲੇ ਤੱਕ ਪੂਰੇ ਪੰਜਾਬ ’ਚ ਸਟਰੀਟ ਲਾਈਟਾਂ ਤੱਕ ਨਹੀਂ ਲੱਗ ਸਕੀਆਂ ਹਨ ਤੇ ਪੰਜਾਬ ਦੀ ਸਰਕਾਰ ਵੱਡੇ ਵੱਡੇ ਵਿਕਾਸ ਦੇ ਦਾਅਵੇ ਕਰਦੀ ਹੈ। ਨਹਿਰ ਕਿਨਾਰੇ ਸੜਕ ’ਤੇ ਸਟਰੀਟ ਲਾਈਟਾਂ ਦਾ ਨਾ ਹੋਣਾ ਸੜਕ ਹਾਦਸਿਆਂ ਦਾ ਸਭ ਤੋਂ ਵੱਡਾ ਕਾਰਨ ਹੈ। ਸੋਮਵਾਰ ਦੇਰ ਰਾਤ ਨੂੰ ਵੀ ਪਿੰਡ ਝੱਮਟ ’ਚ ਨਹਿਰ ਅੰਦਰ ਡਿੱਗੀ ਕਾਰ ਹਾਦਸੇ ’ਚ ਵੀ ਕਿਤੇ ਨਾ ਕਿਤੇ ਨਹਿਰ ਕਿਨਾਰੇ ਸਟਰੀਟ ਲਾਈਟ ਨਾ ਹੋਣਾ ਹਾਦਸੇ ਦਾ ਵੱਡਾ ਕਾਰਨ ਦੱਸਿਆ ਜਾ ਰਿਹਾ ਹੈ। ਇਥੇ ਕਾਰ ਚਾਲਕ ਤੇਜ਼ ਰਫ਼ਤਾਰ ਜਾਂਦੇ ਹਨ ਤੇ ਹਨ੍ਹੇਰਾ ਹੋਣ ਕਾਰਨ ਅੱਗੇ ਕੁਝ ਨਜ਼ਰ ਨਹੀਂ ਆਉਂਦਾ, ਜਿਸ ਕਾਰਨ ਗੱਡੀ ਬੇਕਾਬੂ ਹੋ ਕੇ ਨਹਿਰ ’ਚ ਜਾ ਡਿੱਗਦੀ ਹੈ। ਪਹਿਲਾਂ ਇਸੇ ਤਰ੍ਹਾਂ ਹੀ ਹਾਦਸੇ ਸਿੱਧਵਾਂ ਨਹਿਰ ਕਿਨਾਰੇ ਜਾਣ ਵਾਲੀ ਸੜਕ ’ਤੇ ਵੀ ਹੁੰਦੇ ਸਨ। ਸਟਰੀਟ ਲਾਈਟਾਂ ਨਾ ਹੋਣ ਕਾਰਨ ਕਈ ਹਾਦਸੇ ਹੋਏ ਤੇ ਨਹਿਰ ’ਚ ਗੱਡੀਆਂ ਡਿੱਗਣ ਕਾਰਨ ਕਈ ਲੋਕਾਂ ਦੀ ਜਾਨ ਵੀ ਗਈ ਪਰ ਇਸ ਤੋਂ ਸਰਕਾਰਾਂ ਨੇ ਸਬਕ ਨਹੀਂ ਲਿਆ। ਹਾਲਾਂਕਿ, ਜਿਸ ਜਗ੍ਹਾ ਹਾਦਸਾ ਹੋਇਆ, ਉਥੇ ਪਾਣੀ ਦਾ ਵਹਾਅ ਕਾਫ਼ੀ ਤੇਜ਼ ਹੁੰਦਾ ਹੈ ਤੇ ਡੂੰਘਾਈ ਵੀ ਕੁਝ ਜ਼ਿਆਦਾ ਹੈ, ਜਿਸ ਕਾਰਨ ਆਮ ਲੋਕ ਵੀ ਨਹਿਰ ’ਚ ਛਾਲ ਮਾਰਨ ਤੋਂ ਡਰਦੇ ਹਨ। ਸਿੱਧਵਾਂ ਨਹਿਰ ’ਚ ਇਸ ਤੋਂ ਪਹਿਲਾਂ ਵੀ ਕਈ ਲੋਕਾਂ ਦੀ ਗੱਡੀਆਂ ਡਿੱਗਣ ਕਾਰਨ ਜਾਨ ਜਾ ਚੁੱਕੀ ਹੈ।
ਹਾਈਵੇਅ ਬਣਨ ਦੇ ਬਾਵਜੂਦ ਨਹੀਂ ਲੱਗੀਆਂ ਸਟਰੀਟ ਲਾਈਟਾਂ
ਨਹਿਰ ਦੇ ਨੇੜੇ ਜ਼ਿਆਦਾਤਰ ਇਲਾਕਿਆਂ ਵਿੱਚ ਸਟਰੀਟ ਲਾਈਟਾਂ ਨਹੀਂ ਹਨ। ਦੋਰਾਹਾ ਨਹਿਰ ਤੋਂ ਲੈ ਕੇ ਲਾਡੋਵਾਲ ਬਾਈਪਾਸ ਤੱਕ ਨਹਿਰ ਦੇ ਨਾਲ ਨਾਲ ਹਾਈਵੇਅ ਤਾਂ ਬਣਾ ਦਿੱਤਾ ਗਿਆ ਹੈ ਪਰ ਉਸ ਹਾਈਵੇਅ ’ਤੇ ਹਾਲੇ ਵੀ ਸਟਰੀਟ ਲਾਈਟਾਂ ਬਹੁਤ ਸਾਰੀਆਂ ਥਾਵਾਂ ’ਤੇ ਨਹੀਂ ਹਨ।