ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 10 ਦਸੰਬਰ
ਸੋਸ਼ਲ ਮੀਡੀਆ ’ਤੇ ਗੁਰੂ ਨਾਨਕ ਦੇਵ ਅਤੇ ਉਨ੍ਹਾਂ ਦੇ ਪਿਤਾ ਖ਼ਿਲਾਫ਼ ਅਪਸ਼ਬਦ ਬੋਲਣ ਵਾਲੇ ਸਾਬਕਾ ਭਾਜਪਾ ਆਗੂ ਤੇ ਵਿਸ਼ਵ ਹਿੰਦੂ ਪਰਿਸ਼ਦ ਦੇ ਨੇਤਾ ਅਨਿਲ ਅਰੋੜਾ ਨੇ ਪੁੱਛਗਿਛ ਦੌਰਾਨ ਕਈ ਖੁਲਾਸੇ ਕੀਤੇ ਹਨ। ਮੁਲਜ਼ਮ ਗੁਰੂ ਨਾਨਕ ਦੇਵ ਜੀ ਤੇ ਉਨ੍ਹਾਂ ਦੇ ਪਿਤਾ ਬਾਰੇ ਅਪਸ਼ਬਦ ਬੋਲ ਕੇ ਖੁਦ ਧਾਰਮਿਕ ਸਥਾਨਾਂ ’ਤੇ ਮੱਥਾ ਟੇਕਦਾ ਰਿਹਾ ਤੇ ਮੰਨਤਾਂ ਮੰਗਦਾ ਰਿਹਾ, ਪਰ ਗੁਰੂ ਨਾਨਕ ਦੇਵ ਖਿਲਾਫ਼ ਬੋਲਣ ਦੀ ਉਸਨੂੰ ਮੁਆਫ਼ੀ ਨਹੀਂ ਮਿਲੀ ਤੇ ਉਹ ਪੁਲੀਸ ਦੇ ਹੱਥੇ ਚੜ੍ਹ ਗਿਆ। ਮੁਲਜ਼ਮ ਪੁਲੀਸ ਤੋਂ ਬਚਣ ਲਈ ਪਹਿਲਾਂ ਪੰਚਕੂਲਾ ਫ਼ਰਾਰ ਹੋਇਆ। ਉਥੇਂ ਕੁਝ ਦਿਨ ਰਹਿਣ ਤੋਂ ਬਾਅਦ ਉਹ ਦਿੱਲੀ ਅਤੇ ਉਥੋਂ ਉਸਨੇ ਧਾਰਮਿਕ ਸਥਾਨਾਂ ਦੀ ਯਾਤਰਾ ਸ਼ੁਰੂ ਕਰ ਦਿੱਤੀ ਤਾਂ ਕਿ ਕਿਸੇ ਤਰ੍ਹਾਂ ਪੁਲੀਸ ਦੀਆਂ ਨਜ਼ਰਾਂ ਤੋਂ ਬਚ ਸਕੇ। ਮੁਲਜ਼ਮ ਨੇ ਪੁੱਛਗਿਛ ਦੌਰਾਨ ਦੱਸਿਆ ਕਿ ਉਸਦੇ ਕੋਲ ਡੇਢ ਤੋਂ ਪੌਣੇ 2 ਲੱਖ ਕੈਸ਼ ਸੀ।