ਸੰਤੋਖ ਗਿੱਲ
ਗੁਰੂਸਰ ਸੁਧਾਰ, ਮੁੱਲਾਂਪੁਰ, 17 ਨਵੰਬਰ
ਕਸਬਾ ਮੁੱਲਾਂਪੁਰ ਦਾਖਾ ਦੇ ਪ੍ਰੇਮ ਨਗਰ ਵਿੱਚ 15 ਨਵੰਬਰ ਦੀ ਰਾਤ ਕਰਿਆਨੇ ਦੀ ਦੁਕਾਨ ਦੇ ਮਾਲਕ ਰਾਜ ਕੁਮਾਰ ਯਾਦਵ ਤੇ ਉਸ ਦੀ ਪਤਨੀ ਗੁੜੀਆ ਯਾਦਵ ਨੂੰ ਗੋਲੀਆਂ ਮਾਰ ਕੇ ਗੰਭੀਰ ਜ਼ਖ਼ਮੀ ਕਰਨ ਦੇ ਦੋਸ਼ ਹੇਠ ਦਾਖਾ ਪੁਲੀਸ ਨੇ ਸੁਰਿੰਦਰ ਸਿੰਘ ਉਰਫ਼ ਛਿੰਦਾ ਵਾਸੀ ਹਿੱਸੋਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਲੁਧਿਆਣਾ (ਦਿਹਾਤੀ) ਪੁਲੀਸ ਜ਼ਿਲ੍ਹੇ ਦੇ ਮੁਖੀ ਨਵਨੀਤ ਸਿੰਘ ਬੈਂਸ ਨੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮੁਲਜ਼ਮ ਨੂੰ ਇਕ ਰਿਵਾਲਵਰ, 6 ਕਾਰਤੂਸ ਤੇ 2 ਖੋਲਾਂ ਸਮੇਤ ਕਾਬੂ ਕਰ ਲਿਆ ਗਿਆ ਹੈ ਅਤੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰਨ ਮਗਰੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। ਪ੍ਰੇਮ ਨਗਰ ਦੇ ਸਾਬਕਾ ਕੌਂਸਲਰ ਬਲਵੀਰ ਚੰਦ ਨੇ ਦੱਸਿਆ ਕਿ ਗੋਲੀਬਾਰੀ ਦੀ ਇਸ ਘਟਨਾ ਵਿੱਚ ਗੁੜੀਆ ਦੀ ਜਾਨ ਤਾਂ ਬੱਚ ਗਈ ਹੈ। ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਗੋਲੀ ਉਸ ਦੇ ਸਰੀਰ ਵਿੱਚੋਂ ਕੱਢਣ ਬਾਅਦ ਉਹ ਖੱਬੇ ਹੱਥ ਤੋਂ ਅਪਾਹਜ ਹੋ ਗਈ ਹੈ। ਪੁਲੀਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸੁਰਿੰਦਰ ਸਿੰਘ ਛਿੰਦਾ ਮੁੱਲਾਂਪੁਰ ਵਿੱਚ ਫਾਈਨੈਂਸ ਦਾ ਕਾਰੋਬਾਰੀ ਹੈ ਅਤੇ ਰਾਜ ਕੁਮਾਰ ਯਾਦਵ ਨੂੰ ਉਸ ਨੇ ਇਕ ਲੱਖ ਰੁਪਏ ਕਰਜ਼ ਦੇ ਤੌਰ ’ਤੇ ਦਿੱਤੇ ਸਨ। ਮੁੱਢਲੀ ਪੁੱਛਗਿੱਛ ਵਿੱਚ ਮੁਲਜ਼ਮ ਛਿੰਦਾ ਨੇ ਮੰਨਿਆ ਕਿ ਰਾਜ ਕੁਮਾਰ ਯਾਦਵ ਪੈਸੇ ਮੋੜ ਨਹੀਂ ਰਿਹਾ ਸੀ, ਜਿਸ ਕਾਰਨ ਇਹ ਵਿਵਾਦ ਵੱਧ ਗਿਆ। 15 ਨਵੰਬਰ ਦੀ ਰਾਤ ਮੁਲਜ਼ਮ ਨੇ ਉਸ ਦੀ ਦੁਕਾਨ ’ਤੇ ਜਾ ਕੇ ਗਾਲੀ ਗਲੋਚ ਕੀਤੀ ਸੀ ਅਤੇ ਕੁਝ ਦੇਰ ਬਾਅਦ ਮੁੜ ਦੁਕਾਨ ’ਤੇ ਜਾ ਕੇ ਦੁਕਾਨਦਾਰ ਨੂੰ ਧਮਕਾਇਆ ਅਤੇ ਦੋ ਗੋਲੀਆਂ ਦਾਗ ਦਿੱਤੀਆਂ। ਇਕ ਗੋਲੀ ਰਾਜ ਕੁਮਾਰ ਯਾਦਵ ਨੂੰ ਲੱਗੀ ਤੇ ਦੂਜੀ ਗੋਲੀ ਉਸ ਦੀ ਪਤਨੀ ਗੁੜੀਆ ਯਾਦਵ ਨੂੰ ਲੱਗੀ ਸੀ।