ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 16 ਨਵੰਬਰ
ਲੁਧਿਆਣਾ ਦੇ ਦੋ ਥਾਣਿਆਂ ਦੀ ਪੁਲੀਸ ਨੇ ਅੱਜ ਇੱਕ ਜੁਆਇੰਟ ਆਪਰੇਸ਼ਨ ਦੌਰਾਨ ਬਾਹਰੀ ਸੂਬਿਆਂ ਤੋਂ ਅਫ਼ੀਮ ਲਿਆ ਕੇ ਸ਼ਹਿਰ ਵਿੱਚ ਸਪਲਾਈ ਕਰਨ ਅਤੇ ਘਰ ਵਿੱਚ ਜੂਆ ਖਿਡਾਉਣ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਸਰਾਭਾ ਨਗਰ ਅਤੇ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲੀਸ ਨੇ ਸਾਂਝੇ ਆਪ੍ਰੇਸ਼ਨ ਤਹਿਤ ਭਾਈ ਰਣਧੀਰ ਸਿੰਘ ਨਗਰ ਇਲਾਕੇ ’ਚ ਇਹ ਕਾਰਵਾਈ ਕੀਤੀ। ਇਸ ਮਾਮਲੇ ਵਿੱਚ ਪੁਲੀਸ ਨੇ ਅਮਰਜੀਤ ਸਿੰਘ ਉਰਫ਼ ਗਾਂਧੀ ਖ਼ਿਲਾਫ਼ ਨਸ਼ਾ ਤਸਕਰੀ, ਜੂਆ ਐਕਟ ਸਣੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਦੇ ਕਬਜ਼ੇ ’ਚੋਂ ਢਾਈ ਕਿੱਲੋ ਅਫੀਮ, 22 ਲੱਖ 41 ਹਜ਼ਾਰ 510 ਰੁਪਏ ਦੀ ਡਰੱਗ ਮਨੀ, ਸੋਨੇ ਦੇ ਗਹਿਣੇ ਤੇ ਜੂਏ ਦਾ ਸਾਮਾਨ ਵੀ ਬਰਾਮਦ ਕੀਤਾ ਹੈ। ਪੁਲੀਸ ਮੁਲਜ਼ਮ ਨੂੰ ਐਤਵਾਰ ਨੂੰ ਅਦਾਲਤ ’ਚ ਪੇਸ਼ ਕਰੇਗੀ।
ਡੀਸੀਪੀ ਸ਼ੁਭਮ ਅਗਰਵਾਲ ਨੇ ਅੱਜ ਇਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਡਿਵੀਜ਼ਨ ਨੰਬਰ 3 ਅਤੇ ਸਰਾਭਾ ਨਗਰ ਪੁਲੀਸ ਸਟੇਸ਼ਨ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਰਣਧੀਰ ਸਿੰਘ ਨਗਰ ਇਲਾਕੇ ਵਿੱਚ ਰਹਿੰਦਾ ਹੈ ਅਤੇ ਵੱਡੇ ਪੱਧਰ ’ਤੇ ਜੂਆ ਖਿਡਾਉਣ ਦਾ ਕੰਮ ਕਰਦਾ ਹੈ। ਪੁਲੀਸ ਨੂੰ ਸੂਚਨਾ ਸੀ ਕਿ ਮੁਲਜ਼ਮ ਨਸ਼ਾ ਤਸਕਰੀ ਦੇ ਨਾਲ-ਨਾਲ ਹੋਰ ਵੀ ਕਈ ਧੰਦਿਆਂ ਵਿੱਚ ਸਰਗਰਮ ਹੈ। ਜਦੋਂ ਉਕਤ ਜਾਣਕਾਰੀ ਲੁਧਿਆਣਾ ਪੁਲੀਸ ਦੇ ਉੱਚ ਅਧਿਕਾਰੀਆਂ ਤੱਕ ਪੁੱਜੀ ਤਾਂ ਥਾਣਾ ਸਰਾਭਾ ਨਗਰ ਦੇ ਐਸਐਚਓ ਇੰਸਪੈਕਟਰ ਨੀਰਜ ਚੌਧਰੀ ਅਤੇ ਥਾਣਾ ਡਿਵੀਜ਼ਨ 3 ਦੇ ਐੱਸਐੱਚਓ ਇੰਸਪੈਕਟਰ ਗੁਰਜੀਤ ਸਿੰਘ ਦੀ ਅਗਵਾਈ ਹੇਠ ਸਾਂਝੀ ਟੀਮ ਬਣਾਈ ਗਈ। ਜਿਸ ਤੋਂ ਬਾਅਦ ਮੁਲਜ਼ਮ ਦੇ ਘਰ ਦੀ ਘੇਰਾਬੰਦੀ ਕੀਤੀ ਗਈ ਤੇ ਘਰ ਦੀ ਤਲਾਸ਼ੀ ਦੌਰਾਨ ਪੁਲੀਸ ਨੇ ਅਫੀਮ, ਭਾਰੀ ਮਾਤਰਾ ’ਚ ਸੋਨੇ ਦੇ ਗਹਿਣੇ, ਜੂਏ ਦਾ ਸਾਰਾ ਸਾਮਾਨ ਅਤੇ ਨਕਲੀ ਗਹਿਣੇ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ।
ਪੁਲੀਸ ਅਨੁਸਾਰ ਮੁਲਜ਼ਮ ਦੇ ਨਾਲ ਇਸ ਕੰਮ ਵਿੱਚ ਹੋਰ ਕਿੰਨੇ ਲੋਕ ਸ਼ਾਮਲ ਹਨ, ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੁਲੀਸ ਇਸ ਗੱਲ ਦੀ ਵੀ ਜਾਂਚ ’ਚ ਜੁਟੀ ਹੋਈ ਹੈ ਕਿ ਮੁਲਜ਼ਮ ਕੋਲ ਕਿਹੜੇ-ਕਿਹੜੇ ਲੋਕ ਆਉਂਦੇ ਸਨ। ਮੁਲਜ਼ਮ ਕਿਸ ਰਾਜ ਤੋਂ ਅਫੀਮ ਕਿਸ ਵਿਅਕਤੀ ਤੋਂ ਲਿਆਉਂਦਾ ਸੀ ਅਤੇ ਨਸ਼ੇ ਦੇ ਪੈਸੇ ਨਾਲ ਮੁਲਜ਼ਮ ਨੇ ਹੁਣ ਤੱਕ ਕਿੰਨੀ ਜਾਇਦਾਦ ਬਣਾਈ ਹੈ। ਪੁਲੀਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਵਿੱਚ ਜੁਟੀ ਹੈ।